ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 9 ਜੂਨ 2021 - ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼), ਬਠਿੰਡਾ ਦੇ ਡਾਇਰੈਕਟਰ, ਡਾ. ਦਿਨੇਸ਼ ਕੁਮਾਰ ਸਿੰਘ ਨੇ ਅੱਜ ਇਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਕੈਂਪਸ ਵਿਖੇ ਫੈਕਲਟੀ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਸਪੈਸ਼ਲ 4 ਬੈਡਾਂ ਵਾਲੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕੀਤਾ।ਕੋਵਿਡ ਮਹਾਂਮਾਰੀ ਦੇ ਚੱਲ ਰਹੇ ਸਮੇਂ ਦੌਰਾਨ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਸਵੈਇੱਛਾ ਨਾਲ ਆਪਣੀ ਤਨਖਾਹ ਵਿੱਚੋਂ ਸਪੈਸ਼ਲ ਫੰਡ ਇੱਕਠਾ ਕਰਕੇ ਯੂਨੀਵਰਸਿਟੀ ਸਟਾਫ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।ਕੇਂਦਰ ਦਾ ਪ੍ਰਬੰਧਨ ਇਕ ਟੀਮ ਦੁਆਰਾ ਕੀਤਾ ਜਾਵੇਗਾ, ਜਿਸ ਦੀ ਅਗਵਾਈ ਯੂਨੀਵਰਸਿਟੀ ਕੈਂਪਸ ਡਿਸਪੈਂਸਰੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਐਚ.ਐਮ. ਗਰਗ, ਏਮਜ਼ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕਰਨਗੇ । ਡਾ. ਜੀ.ਐਸ. ਬਾਠ ਦੀ ਅਗਵਾਈ ਵਾਲੀ ਟੀਮ ਨੇ ਕੇਂਦਰ ਨੂੰ ਕਾਰਜਸ਼ੀਲ ਬਣਾਉਣ ਲਈ ਸਖਤ ਮਿਹਨਤ ਕੀਤੀ।
ਯੂਨੀਵਰਸਿਟੀ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਡਾ. ਡੀ.ਕੇ. ਸਿੰਘ ਨੇ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਅਤੇ ਇਸ ਦੇ ਫੈਲਣ ਨੂੰ ਰੋਕਣ ਲਈ ਟੀਕਾਕਰਨ ਕਰਵਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਕਿਉਂਕਿ ਆਉਣ ਵਾਲੇ ਸਮੇਂ ਵਿਚ ਵਾਇਰਸ ਸਾਡੇ ਦਰਮਿਆਨ ਹੀ ਰਹੇਗਾ। ਉਨ੍ਹਾਂ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਕੋਵਿਡ ਟੀਕੇ ਵਿਰੁੱਧ ਅਫਵਾਹਾਂ ਦਾ ਸ਼ਿਕਾਰ ਨਾ ਹੋਣ ।ਕੋਵਿਡ ਮਹਾਂਮਾਰੀ ਦੌਰਾਨ ਯੂਨੀਵਰਸਿਟੀ ਨੂੰ ਦਿਲੋਂ ਸਹਾਇਤਾ ਦੇਣ ਲਈ ਏਮਜ਼ ਅਤੇ ਬਠਿੰਡਾ ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਕੋਵਿਡ -19 ਦਿਸ਼ਾ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਸਮੇਂ ਵਿੱਚ ਫੈਕਲਟੀ ਅਤੇ ਵਿਦਿਆਰਥੀਆਂ ਦੇ ਮਨੋਬਲ ਨੂੰ ਉਤਸ਼ਾਹਤ ਕਰਨ ਲਈ, ਇਹ ਪਹਿਲਕਦਮੀ ਹਰੇਕ ਵਰਗ ਦੀ ਭਲਾਈ ਲਈ ਕੀਤੀ ਗਈ ਹੈ।
ਬਠਿੰਡਾ ਦੇ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ਕੋਵਿਡ ਨੂੰ ਕੰਟਰੋਲ ਕਰਨ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਹਨਾਂ ਕੋਵਿਡ ਪ੍ਰਤੀ ਜਾਗਰੂਕਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ।ਡਾ. ਐਚ. ਐਮ. ਗਰਗ ਨੇ ਦੱਸਿਆ ਕਿ ਇਹ ਕੇਂਦਰ ਸਵੱਛਤਾ ਦੇ ਨਾਲ-ਨਾਲ ਵਧੀਆ ਬੁਨਿਆਦੀ ਸਹੂਲਤਾਂ ਨਾਲ ਲੈਸ ਹੈ ਜਿਥੇ ਹਲਕੇ ਲੱਛਣ ਵਾਲੇ ਕੋਵਿਡ ਸਕਾਰਾਤਮਕ ਮਰੀਜ਼ਾਂ ਨੂੰ ਰੱਖਿਆ ਜਾਵੇਗਾ। ਕੇਂਦਰ ਵਿਚ ਸਾਰੀਆਂ ਬੁਨਿਆਦੀ ਜਰੂਰੀ ਸੇਵਾਵਾਂ ਜਿਵੇਂ ਆਕਸੀਜਨ, ਕੋਰੋਨਾ ਕਿੱਟ, ਈ.ਸੀ.ਜੀ., ਦਵਾਈ ਸਪਲਾਈ, ਸਮਰਪਿਤ ਐਂਬੂਲੈਂਸ ਆਦਿ ਉਪਲੱਬਧ ਹਨ।ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਗੁਰਿੰਦਰਪਾਲ ਸਿੰਘ ਬਰਾੜ, ਕੈਂਪਸ ਡਾਇਰੈਕਟਰ ਡਾ. ਸਵੀਨਾ ਬਾਂਸਲ, ਡੀਨਜ਼, ਡਾਇਰੈਕਟਰ ਅਤੇ ਸੀਨੀਅਰ ਫੈਕਲਟੀ ਵੀ ਹਾਜ਼ਰ ਸਨ।