ਕੋਚਿੰਗ ਸੈਂਟਰ ਨਾ ਖੋਲ੍ਹ ਕੇ ਸਰਕਾਰ ਕਰ ਰਹੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ, ਲੋਕ ਸਭਾ ਮੈਂਬਰ ਨੂੰ ਮੰਗ ਪੱਤਰ
ਕੁਲਵਿੰਦਰ ਸਿੰਘ
- ਮੰਗਾਂ ਨਾ ਮੰਨਣ ਤੇ ਐਸੋਸੀਏਸ਼ਨ ਵੱਲੋਂ ਸੰਘਰਸ਼ ਦੀ ਚਿਤਾਵਨੀ
ਅੰਮ੍ਰਿਤਸਰ,16 ਜੂਨ,2021 - ਸੰਨ 2020 ਤੋਂ ਲੈਕੇ ਕੋਰੋਨਾ ਨੇ ਜਿੱਥੇ ਸਾਰੀ ਦੁਨੀਆਂ ਦੇ ਵਿੱਚ ਆਰਥਿਕ ਮੰਦੀ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਉਥੇ ਹੀ ਸਿੱਖਿਆ ਦਾ ਵੀ ਬਹੁਤ ਜ਼ਿਆਦਾ ਘਾਣ ਹੋਇਆ ਹੈ ਹਾਲਾਂਕਿ ਸਿੱਖਿਅਕ ਸੰਸਥਾਵਾਂ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਪਰ ਫਿਰ ਵੀ ਵਿਦਿਆਰਥੀ ਖ਼ਾਸਕਰ ਛੋਟੇ ਬੱਚੇ ਪੜ੍ਹਾਈ ਕਰਨ ਵਿੱਚ ਕਾਫ਼ੀ ਅਵੇਸਲੇ ਨਜ਼ਰ ਆ ਰਹੇ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦੇ ਮੁਤਾਬਕ ਪੂਰੇ ਪੰਜਾਬ ਭਰ ਵਿੱਚ ਹੁਣ ਤੱਕ ਬੰਦ ਜਿੰਮ ਸਿਨੇਮਾ ਹਾਲ ਰੈਸਟੋਰੈਂਟ ਵਿੱਚ ਬੈਠ ਕੇ ਖਾਣ ਦੀ ਇਜਾਜ਼ਤ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ ਹਾਲਾਂਕਿ 50 ਪ੍ਰਤੀਸ਼ਤ ਸਮਰੱਥਾ ਨਾਲ ਹੀ ਇਜਾਜ਼ਤ ਦਿੱਤੀ ਗਈ ਹੈ।
ਪਰ ਕੋਚਿੰਗ ਕਲਾਸਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਇਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਆਈਲੈਟਸ ਕੋਚਿੰਗ ਸੈਂਟਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਇਕ ਮੰਗ ਪੱਤਰ ਦਿੱਤਾ ਗਿਆ , ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਐਸੋਸੀਏਸ਼ਨ ਦੇ ਮੈਂਬਰਾਂ ਜਿਨ੍ਹਾਂ ਵਿੱਚ ਸੁਮਿਤ ਸ਼ਰਮਾ ਬਿਕਰਮ ਝਬਾਲ ਹਰਦੇਸ਼ ਸ਼ਰਮਾ ਸੰਜੇ ਮਿਗਲਾਨੀ ਨਵਦੀਪ ਢਿੱਲੋਂ ਮਨਿੰਦਰ ਸਿੰਘ ਦਾਨਿਸ਼ ਅਤੇ ਅਮਨਪ੍ਰੀਤ ਸ਼ਾਮਲ ਸਨ ,ਨੇ ਕਿਹਾ ਕਿ ਸਰਕਾਰ ਵੱਲੋਂ ਅੱਜ ਯਾਨੀ 16 ਜੂਨ ਤੋਂ ਰੈਸਟੋਰੈਂਟ ਸਿਨੇਮਾ ਹਾਲ ਅਤੇ ਜਿੰਮ ਨੂੰ 50% ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ , ਪਰ ਲੰਬੇ ਸਮੇਂ ਤੋ ਬੰਦ ਚੱਲੇ ਆ ਰਹੇ ਕੋਚਿੰਗ ਸੈਂਟਰਾਂ ਦਾ ਖਿਆਲ ਨਹੀਂ ਕੀਤਾ ਗਿਆ ਅਤੇ ਸੈਂਟਰਾਂ ਨੂੰ ਖੋਲ੍ਹਣ ਦਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਮੈਬਰਾਂ ਨੇ ਕਿਹਾ ਕਿ ਸਰਕਾਰ ਦਾ ਇਹ ਵਤੀਰਾ ਸਿੱਧੇ ਤੌਰ ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਜਿਹਾ ਹੈ।
ਇਕ ਸਰਵੇਖਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇੰਨੇ ਲੰਬੇ ਲੋਕਡਾੁਉਨ ਤੋਂ ਬਾਅਦ ਬੱਚਿਆਂ ਵਿੱਚ ਪੜ੍ਹਾਈ ਦਾ ਰੁਝਾਨ ਬਹੁਤ ਘਟ ਗਿਆ ਹੈ ਅਤੇ 42% ਬਚਿਆ ਨੂੰ ਸ਼ਬਦਾਂ ਨੂੰ ਲਿਖਣਾ ਵੀ ਭੁੱਲ ਗਿਆ ਹੈ ਉਨ੍ਹਾਂ ਕਿਹਾ ਕਿ ਜਿੱਥੇ ਕੋਚਿੰਗ ਸੈਂਟਰਾਂ ਵਿੱਚ ਕੰਮ ਕਰ ਰਹੇ ਹਜ਼ਾਰਾਂ ਕਰਮਚਾਰੀਆਂ ਦੇ ਪਰਿਵਾਰਾਂ ਦੀ ਕਮਾਈ ਤੇ ਸਿੱਧਾ ਅਸਰ ਪਿਆ ਹੈ ਉੱਥੇ ਹੀ ਵਿਦਿਆਰਥੀਆਂ ਵੱਲੋਂ ਇਮਤਿਹਾਨਾਂ ਦੀ ਤਿਆਰੀ ਵਾਸਤੇ ਵੀ ਕੋਚਿੰਗ ਸੈਂਟਰਾਂ ਨੂੰ ਖੋਲ੍ਹੇ ਜਾਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਈਲਟਸ ਸਮੇਤ ਕਈ ਅਜਿਹੇ ਵਿਸ਼ੇ ਹਨ ਜੋ ਕਿ ਆਨਲਾਈਨ ਨਹੀਂ ਪੜ੍ਹਾਏ ਜਾ ਸਕਦੇ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੁਨਰ ਦਾ ਵੱਡਾ ਨੁਕਸਾਨ ਵੀ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੀ ਸੈਂਟਰਾਂ ਨੂੰ ਜਲਦੀ ਖੋਲ੍ਹਣ ਦੀ ਹਮਾਇਤ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਮੰਗ ਪੱਤਰ ਵਿਚ ਸੈਂਟਰ ਆਪਣੀ ਸਮਰੱਥਾ ਤੋਂ 50ਪ੍ਰਤੀਸ਼ਤ ਬੱਚਿਆਂ ਨੂੰ ਬੁਲਾ ਕੇ ਪੜ੍ਹਾਉਣ ਲਈ ਰਾਜ਼ੀ ਹਨ।
ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ਵਿੱਚ ਸੁੱਖ ਔਜਲਾ ਵੱਲੋਂ ਮੰਗ ਪੱਤਰ ਲਿਆ ਗਿਆ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਸੁੱਖ ਔਜਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕ ਸਭਾ ਮੈਂਬਰ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਗੁਰਜੀਤ ਔਜਲਾ ਨੇ ਇਹ ਭਰੋਸਾ ਦਿੱਤਾ ਹੈ ਕਿ ਜਲਦ ਤੋਂ ਜਲਦ ਇਸ ਦਾ ਢੁੱਕਵਾਂ ਹੱਲ ਕੱਢਿਆ ਜਾਵੇਗਾ।