ਟੀਕਾਕਰਨ ਅਤੇ ਪਾਬੰਦੀਆਂ ’ਚ ਛੋਟਾਂ ਮਗਰੋਂ ਵੀ ਸਾਵਧਾਨੀਆਂ ਵਰਤਣਾ ਜ਼ਰੂਰੀ : ਸਿਵਲ ਸਰਜਨ ਮੋਹਾਲੀ
ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹੇ ਵਿਚ ਹੁਣ ਤਕ ਸਾਢੇ ਚਾਰ ਲੱਖ ਤੋਂ ਵੱਧ ਲੋਕਾਂ ਨੂੰ ਲੱਗੇ ਕੋਵਿਡ ਰੋਕੂ ਟੀਕੇ : ਡਾ. ਆਦਰਸ਼ਪਾਲ ਕੌਰ
- ਲੋਕਾਂ ਨੂੰ ਅਪੀਲ : ਮਾਸਕ ਪਾਉ, ਜ਼ਰੂਰੀ ਕੰਮ ਤੋਂ ਬਿਨਾਂ ਘਰੋਂ ਬਾਹਰ ਨਾ ਜਾਉ
ਮੋਹਾਲੀ, 17 ਜੂਨ 2021 - ‘ਕੋਰੋਨਾ ਵਾਇਰਸ’ ਮਹਾਮਾਰੀ ਤੋਂ ਬਚਾਅ ਲਈ ਜ਼ਿਲ੍ਹੇ ਵਿਚ ਟੀਕਾਕਰਨ ਮੁਹਿੰਮ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਜ਼ਿਲ੍ਹੇ ਵਿਚ ਹੁਣ ਤਕ ਸਾਢੇ ਚਾਰ ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ-ਡੇਰਾਬੱਸੀ, ਘੜੂੰਆਂ, ਬੂਥਗੜ੍ਹ ਅਧੀਨ ਪੈਂਦੇ ਸਿਹਤ ਕੇਂਦਰਾਂ ਵਿਚ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਇੰਜੈਕਸ਼ਨ ਲਾਏ ਜਾ ਰਹੇ ਹਨ ਅਤੇ 16 ਜੂਨ ਤਕ 49,011 ਲੋਕਾਂ ਨੂੰ ਕੋਵੈਕਸੀਨ ਅਤੇ 4,25,697 ਲੋਕਾਂ ਨੂੰ ਕੋਵੀਸ਼ੀਲਡ ਦੇ ਇੰਜੈਕਸ਼ਨ ਲਾਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਹਾਲੇ ਦੂਜਾ ਟੀਕਾ ਲਗਾਇਆ ਜਾਣਾ ਹੈ।
ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹੇ ਵਿਚ ਦਵਾਈ ਦੀ ਕੋਈ ਘਾਟ ਨਹੀਂ ਅਤੇ ਸਾਰੇ ਲਾਭਪਾਤਰੀਆਂ ਨੂੰ ਟੀਕਾ ਲਗਵਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਟੀਕਾਕਰਨ ਦੇ ਨਾਲ-ਨਾਲ ਸਾਵਧਾਨੀਆਂ ਵਰਤਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਲੱਗ ਰਿਹਾ ਹੈ ਕਿ ਟੀਕਾ ਲਗਵਾਉਣ ਤੋਂ ਬਾਅਦ ਮਾਸਕ ਪਾਉਣ ਦੀ ਲੋੜ ਨਹੀਂ ਪਰ ਇਹ ਧਾਰਨਾ ਬਿਲਕੁਲ ਗ਼ਲਤ ਹੈ। ਸਿਵਲ ਸਰਜਨ ਨੇ ਆਖਿਆ ਕਿ ਭਾਵੇਂ ਕੋਵਿਡ ਪਾਬੰਦੀਆਂ ਵਿਚ ਕਾਫ਼ੀ ਹੱਦ ਤਕ ਛੋਟਾਂ ਦਿਤੀਆਂ ਜਾ ਚੁੱਕੀਆਂ ਹਨ ਪਰ ਮਾਸਕ ਪਾਉਣ, ਇਕ ਦੂਜੇ ਤੋਂ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੀਆਂ ਸਾਵਧਾਨੀਆਂ ਪਹਿਲਾਂ ਵਾਂਗ ਵਰਤਦੇ ਰਹਿਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ।
ਸਿਵਲ ਸਰਜਨ ਨੇ ਦਸਿਆ ਕਿ ਇਸ ਸਮੇਂ ਪੰਜਾਬ ਸਰਕਾਰ ਦੀ ਦਵਾਈ ਨਾਲ 18 ਤੋਂ 44 ਸਾਲ ਦੇ ਵਿਅਕਤੀਆਂ ਦਾ ਟੀਕਾਕਰਨ ਹੋ ਰਿਹਾ ਹੈ ਜਿਨ੍ਹਾਂ ਵਿਚ ਰਜਿਸਟਰਡ ਸਨਅਤੀ ਕਾਮੇ, ਉਸਾਰੇ ਕਾਮੇ, ਹੈਲਥ ਕੇਅਰ ਵਰਕਰਾਂ ਦੇ ਪਰਵਾਰਕ ਜੀਅ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੀ ਦਵਾਈ ਨਾਲ 45 ਤੋਂ ਉਪਰਲੇ ਵਿਅਕਤੀਆਂ ਦਾ ਟੀਕਾਕਰਨ ਹੋ ਰਿਹਾ ਹੈ ਜਿਨ੍ਹਾਂ ਵਿਚ ਹੈਲਥ ਕੇਅਰ ਵਰਕਰਾਂ ਅਤੇ ਫ਼ਰੰਟ ਲਾਈਨ ਵਰਕਰ ਵੀ ਸ਼ਾਮਲ ਹਨ। ਉਨ੍ਹਾਂ ਦਸਿਆ ਕਿ 21 ਜੂਨ ਤੋਂ ਭਾਰਤ ਸਰਕਾਰ ਦੁਆਰਾ ਭੇਜੀ ਜਾਣ ਵਾਲੀ ਦਵਾਈ ਨਾਲ ਟੀਕਾਕਰਨ ਦਾ ਦਾਇਰਾ 18 ਤੋਂ ਉਪਰਲੀ ਉਮਰ ਦੇ ਸਾਰੇ ਵਿਅਕਤੀਆਂ ਤਕ ਵਧਾ ਦਿਤਾ ਜਾਵੇਗਾ।
ਡਾ. ਆਦਰਸ਼ਪਾਲ ਕੌਰ ਨੇ ਕਿਹਾ,‘ਕੋਰੋਨਾਵਾਇਰਸ’ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਜਨਤਕ ਥਾਵਾਂ ’ਤੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਹੋਇਆ ਹੈ। ਜਿਹੜੇ ਵਿਅਕਤੀ ਜਨਤਕ ਸਥਾਨਾਂ ਉਤੇ ਬਿਨਾਂ ਮਾਸਕ ਨਜ਼ਰ ਆ ਰਹੇ ਹਨ, ਉਨ੍ਹਾਂ ਦਾ ਮਹਾਮਾਰੀ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਚਲਾਨ ਕਟਿਆ ਜਾ ਰਿਹਾ ਹੈ।’’ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਇਸ ਬੀਮਾਰੀ ਦੇ ਮੁਕੰਮਲ ਖ਼ਾਤਮੇ ਲਈ ਲਈ ਪੂਰੀ ਤਰ੍ਹਾਂ ਸਰਗਰਮ ਹੈ ਪਰ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਡਾਕਟਰ ਦੀ ਸਲਾਹ ਲਈ ਜਾਵੇ।