ਮੁਕਤਸਰ ’ਚ ਅਪ੍ਰੈਲ ਤੋਂ ਬਾਅਦ ਨਹੀਂ ਬਣੇ ਡਰਾਇਵਰੀ ਲਾਇਸੰਸ
ਸ੍ਰੀ ਮੁਕਤਸਰ ਸਾਹਿਬ, 22 ਜੂਨ 2021 - ਮੁਕਤਸਰ ਵਿਖੇ ਡਰਾਇਵਰੀ ਲਾਇਸੰਸ ਬਣਾਉਣ ਲਈ ਲੋਕ ਲੰਬੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ। ਪ੍ਰੋ. ਨਛੱਤਰ ਸਿੰਘ ਖੀਵਾ ਨੇ 1 ਅਪਰੈਲ ਨੂੰ ਲਾਇਸੰਸ ਰੀਨੀਊ ਕਰਾਉਣ ਲਈ ਅਪਲਾਈ ਕੀਤਾ ਸੀ ਪਰ ਅਜੇ ਤੱਕ ਉਨਾਂ ਦਾ ਲਾਇਸੰਸ ਮੁਕਤਸਰ ਅਥਾਰਟੀ ਕੋਲ ਹੀ ਪਿਆ ਹੈ। ਇਸੇ ਤਰਾਂ ਗੁਰਮੀਤ ਸਿੰਘ ਨੇ 15 ਅਪਰੈਲ ਨੂੰ ਲਰਨਿੰਗ ਲਾਇਸੰਸ ਵਾਸਤੇ ਅਪਲਾਈ ਕੀਤਾ ਸੀ ਪਰ ਉਸਦਾ ਲਾਇਸੰਸ ਵੀ ਦਫਤਰ ਵਿੱਚ ਹੀ ਲੰਬਤ ਪਿਆ ਹੈ।
ਇਹੀ ਹਾਲ ਹੋਰ ਸੈਂਕੜੇ ਲੋਕਾਂ ਦੇ ਹੈ ਜਿੰਨਾਂ ਲਾਇਸੰਸ ਅਪਲਾਈ ਕੀਤਾ ਹੈ। ਪ੍ਰੋ. ਖੀਵਾ ਨੇ ਦੱਸਿਆ ਕਿ ਲਾਇਸੰਸ ਨਾ ਹੋਣ ਕਰਕੇ ਉਸਨੂੰ ਸੜਕ ਉਪਰ ਗੱਡੀ ਚਲਾਉਣ ਵਿੱਚ ਭਾਰੀ ਦਿੱਕਤ ਪੇਸ਼ ਆਉਂਦੀ ਹੈ। ਟਰੈਫਿਕ ਕਰਮਚਾਰੀ ਲਾਇਸੰਸ ਅਪਲਾਈ ਹੋਣ ਦੀ ਗੱਲ ਨਹੀਂ ਮੰਨਦੇ। ਉਨਾਂ ਮੰਗ ਕੀਤੀ ਕਿ ਲਾਇਸੰਸ ਜਲਦੀ ਬਣਾਕੇ ਦਿੱਤਾ ਜਾਵੇ। ਇਸ ਦੌਰਾਨ ਐਸ. ਡੀ. ਐਮ. ਦਫਤਰ ਦੇ ਸਬੰਧਤ ਕਰਮਚਾਰੀ ਨਾਲ ਸੰਪਰਕ ਕਰਨ ਤੇ ਉਨਾਂ ਦੱਸਿਆ ਕਿ ਅਪਰੈਲ ਮਹੀਨੇ ਤੋਂ ਲੈ ਕੇ ਡਾਕ ਰੁਕੀ ਹੋਈ ਹੈ ਜੋ ਕਿ ਹੁਣ ਜਲਦੀ ਹੀ ਕੱਢ ਦਿੱਤੀ ਜਾਵੇਗੀ। ਦੂਜੇ ਪਾਸੇ ਪਿਛਲੇ ਇੱਕ ਮਹੀਨੇ ਵਿਚ ਦਫ਼ਤਰੀ ਕਰਮਚਾਰੀਆਂ ਦੀ ਹੜਤਾਲ ਨੇ ਵੀ ਕੰਮ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਫਿਰ ਤੋਂ ਕਲਮ ਛੋੜ ਹੜਤਾਲ ਹੋ ਗਈ ਹੈ। ਜਿਸ ਕਾਰਨ ਕੰਮ ਨੂੰ ਫਿਰ ਤੋਂ ਬਰੇਕ ਲੱਗ ਗਈ ਹੈ।