ਅਸ਼ੋਕ ਵਰਮਾ
ਬਠਿੰਡਾ, 25 ਮਾਰਚ 2020 - ਮਾਲ ਮੰਤਰੀ ਗੁਰਪ੍ਰੀਤ ਸਿਘ ਕਾਂਗੜ ਦੇ ਹਲਕੇ ਦੇ ਸ਼ਹਿਰ ਅਤੇ ਬਠਿੰਡਾ ਜਿਲੇ ਦੀ ਅਹਿਮ ਮੰਡੀ ਰਾਮਪੁਰਾ ’ਚ ਕਰਫਿਊ ਦੀ ਉਲੰਘਣਾ ਕਰਨ ਕਾਰਨ ਲੋਕਾਂ ਨੂੰ ਪੁਲਿਸ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਅੱਜ ਇਸ ਸ਼ਹਿਰ ’ਚ ਪੁਲਿਸ ਮੁਲਾਜਮਾਂ ਨੇ ਸਰਕਾਰੀ ਹੁਕਮ ਨਾਂ ਮੰਨਣ ਵਾਲਿਆਂ ਨੂੰ ਕੁਟਾਪਾ ਚਾੜਿਆ ਅਤੇ ਕਈਆਂ ਤੋਂ ਨੱਕ ਨਾਂਲ ਲਕੀਰਾਂ ਕਢਵਾਈਆਂ ਜਦੋਂਕਿ ਕਾਫੀ ਲੋਕ ਡੰਡ ਬੈਠਕਾਂ ਕੱਢਦੇ ਨਜ਼ਰ ਆਏ।
ਰੌਚਕ ਤੱਥ ਹੈ ਕਿ ਕੁੱਝ ਥਾਵਾਂ ਤੇ ਕੁੜੀਆਂ ਨੂੰ ਵੀ ਮਹਿਲਾ ਪੁਲਿਸ ਮੁਲਾਜਮਾਂ ਨੇ ਹੱਥ ਦਿਖਾਏ ਅਤੇ ਖਰੀਆਂ ਖਰੀਆਂ ਸਣਾਈਆਂ। ਮੁਲਾਜਮਾਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ’ਤੇ ਕਰੋਨਾਵਾਇਰਸ ਕਾਰਨ ਬਣੀ ਮੁਸੀਬਤ ਦੀ ਘੜੀ ਵਿਚ ਸਰਕਾਰ ਵੱਲੋਂ ਕੀਤੀਆਂ ਸਖਤੀਆਂ ਦੇ ਬਾਵਜੂਦ ਲੋਕ ਖਰਮਸਤੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ ਜਿਸ ਕਰਕੇ ਅੱਜ ਇਹ ਰੰਗ ਬੰਨਣਾ ਪਿਆ ਹੈ। ਉਨਾਂ ਦੱਸਿਆ ਕਿ ਕਰਫਿਊ ਦੇ ਤੀਸਰੇ ਦਿਨ ਵੀ ਲੋਕ ਗਲੀਆਂ ’ਚ ਤਾਸ਼ ਖੇਡਦੇ, ਗੱਪਾਂ ਮਾਰਦੇ ਤੇ ਕਈ ਸੜਕਾਂ ’ਤੇ ਘੁੰਮਣੋ ਨਹੀਂ ਹਟੇ ਹਨ। ਉਨਾਂ ਦੱਸਿਆ ਕਿ ਪੁਲੀਸ ਨੇ ਅੱਜ ਕਈ ਥਾਈਂ ਡੰਡਾ ਪਰੇਡ ਕੀਤੀ ਅਤੇ ਕਈਆਂ ਦੀਆਂ ਡੰਡ ਬੈਠਕਾਂ ਕਢਵਾਈਆਂ ਪਰ ਇਸ ਦੇ ਬਾਵਜੂਦ ਕੁਝ ਲੋਕ ਘਰਾਂ ’ਚ ਬੈਠਣ ਨੂੰ ਤਿਆਰ ਨਹੀਂ ਹਨ।
ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ’ਤੇ ਪੁਲਿਸ ਨੇ ਜਿਆਦਾ ਸਖਤੀ ਦਿਖਾਈ ਕਿਉਂਕਿ ਲੋਕ ਲਗਾਤਾਰ ਆ ਰਹੇ ਸਨ। ਜਿਲਾ ਪੁਲਿਸ ਦੇ ਵੱਡੇ ਅਫਸਰਾਂ ਵੱਲੋਂ ਦਿੱਤੇ ਸਖ਼ਤ ਹੁਕਮਾਂ ਅਨੁਸਾਰ ਪੁਲੀਸ ਨੇ ਸਖ਼ਤੀ ਵਿਖਾਉਂਦਿਆਂ ਕਈ ਮੋਟਰਸਾਈਕਲਾਂ ’ਤੇ ਘੁੰਮ ਰਹੇ ਲੋਕਾਂ ਨੂੰ ਖਦੇੜਿਆ ਅਤੇ ਪੁਲੀਸ ਵੱਲੋਂ ਚੰਗੀ ਭੁਗਤ ਸਵਾਰੀ ਗਈ। ਇੱਕ ਥਾਂ ਤੇ ਘੁੰਮ ਰਹੇ ਅਵਾਰਾ ਕਿਸਮ ਦੇ ਮੰਡਿਆਂ ਨੂੰ ਪੂਲਿਸ ਨੇ ਭਜਾ ਭਜਾ ਕੇ ਕੁੱਟਿਆ।
ਇਵੇਂ ਹੀ ਆਪਣੇ ਘਰ ਲਈ ਦੁੱਧ ਲੈਣ ਜਾ ਰਹੇ ਕਾਫੀ ਪੜੇ ਲਿਖੇ ਵਿਅਕਤੀ ਦੀ ਪੁਲਿਸ ਦੇ ਇੱਕ ਏਐਸਆਈ ਨੇ ਚੰਗੀ ਲਾਹ ਪਾਹ ਕੀਤੀ। ਪੁਲਿਸ ਮੁਲਾਜਮਾਂ ਨੇ ਆਖਿਆ ਕਿ ਸਿਆਣੀ ਕਿਸਮ ਦੇ ਲੋਕਾਂ ਨੂੰ ਤਾਂ ਕੁੱਟ ਖਾਂਦਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਕਈ ਪਿੰਡਾਂ ਦੇ ਲੋਕ ਤਾਂ ਪੁਲੀਸ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਕਰੋਨਾਵਾਇਰਸ ਦੇ ਫੈਲਣ ਦੇ ਡਰੋਂ ਲਾਏ ਕਰਫਿਊ ਦੌਰਾਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਅਫਸਰਾਂ ਦੇ ਹੁਕਮ ਹਨ ਕਿ ਜੇ ਕੋਈ ਸੜਕਾਂ ’ਤੇ ਘੁੰਮਦਾ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਥਾਣੇ ਬੰਦ ਕਰ ਕੇ 188 ਧਾਰਾ ਤਹਿਤ ਪਰਚਾ ਦਰਜ ਕੀਤਾ ਜਾਵੇ।
ਹੁਕਮਾਂ ਨੂੰ ਟਿੱਚ ਜਾਣਦੇ ਲੋਕ
ਪੁਲਿਸ ਦੇ ਇੱਕ ਸਬ ਇੰਸਪੈਕਟਰ ਦਾ ਕਹਿਣਾ ਸੀ ਕਿ ਭਾਵੇਂ ਜਿਆਦਾਤਰ ਲੋਕਾਂ ਨੇ ਕਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਵੱਲੋਂ ਲਾਗੂ ਕੀਤੇ ਕਰਫਿਊ ਨੂੰ ਮੰਨਦਿਆਂ ਘਰਾਂ ’ਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਪਰ ਹਾਲੇ ਵੀ ਨੌਜਵਾਨਾਂ ਦਾ ਇੱਕ ਹਿੱਸਾ ਪ੍ਰਸ਼ਾਸਨ ਦੇ ਹੁਕਮਾਂ ਦੇ ਨਾਲ-ਨਾਲ ‘ਕਰੋਨਾ’ ਨੂੰ ਵੀ ਟਿੱਚ ਸਮਝ ਰਿਹਾ ਹੈ। ਉਨਾਂ ਦੱਸਿਆ ਕਿ ਕੰਨ ਫੜਾਉਣ, ਮੁਰਗਾ ਬਨਾਉਣ, ਬੈਠਕਾਂ ਲਗਾਉਣ, ਡੱਡੂ ਚਾਲ ਚਲਾਉਣ ਆਦਿ ਤੋਂ ਇਲਾਵਾ ਲਿਖਤਾਂ ਵਾਲੇ ਗੱਤੇ ਫੜਾ ਫੋਟੋਆਂ ਸੋਸ਼ਲ ਮੀਡੀਆ ’ਚ ਪਾਉਣ ਮਗਰੋਂ ਹੁਣ ਨੌਜਵਾਨ ਘਰਾਂ ਵਿੱਚ ਰਹਿਣ ਲੱਗੇ ਹਨ ਜਦੋਂਕਿ ਕੁੱਝ ਦੀ ਅਕਲ ਟਿਕਾਣੇ ਆਉਣੀ ਬਾਕੀ ਹੈ। ਉਨਾਂ ਦੱਸਿਆ ਕਿ ਅਫਸਰਾਂ ਦੇ ਸਖਤ ਹੁਕਮ ਹਨ ਕਿਉਂਕਿ ਇੱਕ ਨੂੰ ਚਿੰਬੜੀ ਲਾਅਨਤ ਪਤਾ ਨਹੀਂ ਕਿੰਨਿਆਂ ਨੂੰ ਸ਼ਿਕਾਰ ਬਣਾਏਗੀ। ਉਨਾਂ ਆਖਿਆ ਕਿ ਜੇਕਰ ਲੋਕ ਨਾਂ ਸਮਝੇ ਤਾਂ ਪੁਲਿਸ ਦਾ ਇਹ ਪ੍ਰ੍ਰੋਗਰਾਮ ਹੋਰ ਵੀ ਸਖਤ ਕੀਤਾ ਜਾ ਸਕਦਾ ਹੈ।
ਮੈਂ ਸਮਾਜ ਦਾ ਦੁਸ਼ਮਣ ਹਾਂ
ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸ਼ਰਮਿੰਦਾ ਕਰਨ ਦੇ ਮਕਸਦ ਨਾਲ ਪੁਲਿਸ ਮੁਲਾਜਮਾਂ ਨੇ ਆਖਿਆ ਕਿ ਉਹ ਬੋਲਣ ‘‘ਮੈਂ ਸਮਾਜ ਦਾ ਦੁਸ਼ਮਣ ਹਾਂ, ਇਸ ਲਈ ਘਰ ਟਿਕ ਕੇ ਨਹੀਂ ਬੈਠ ਸਕਦਾ।’’ ਪੁਲੀਸ ਨੇ ਇਹ ਵੀ ਐਲਾਨਿਆ ਗਿਆ ਕਿ ਇਹ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਵੇਗੀ। ਪੁਲਿਸ ਦੀ ਸਖਤੀ ਨੂੰ ਦੇਖਦਿਆਂ ਕਾਫੀ ਲੋਕਾਂ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਇਆ ਜਦੋਂਕਿ ਕੁੱਝ ਨੂੰ ਮਿੰਨਤ ਤਰਲੇ ਵੀ ਕਰਨੇ ਪਏ।