- ਪੁਲਿਸ ਕਰੇਗੀ ਮਰੀਜ਼ ਦੇ ਡਾਕਟਰੀ ਦਸਤਾਵੇਜ਼ਾਂ ਦੀ ਜਾਂਚ
- ਅਧਿਕਾਰ ਦੀ ਗਲਤ ਵਰਤੋਂ ਕਰਨ 'ਤੇ ਧਾਰਾ 188 ਤਹਿਤ ਪੁਲਿਸ ਕੇਸ ਹੋਵੇਗਾ ਦਰਜ
ਸੰਗਰੂਰ, 26 ਮਾਰਚ 2020 - ਜ਼ਿਲ੍ਹੇ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਦੇ ਉਦੇਸ਼ ਨਾਲ ਸਖ਼ਤੀ ਨਾਲ ਲਾਗੂ ਕੀਤੇ ਜਾ ਰਹੇ ਕਰਫਿਊ ਦੌਰਾਨ ਕੁਝ ਗੰਭੀਰ ਬਿਮਾਰੀਆਂ ਦੇ ਪੀੜਤ ਵਿਅਕਤੀਆਂ ਨੂੰ ਦਵਾਈ ਲੈਣ ਦੀ ਜਗ੍ਹਾ ਅਤੇ ਹਸਪਤਾਲ ਤੱਕ ਜਾਣ ਅਤੇ ਵਾਪਸ ਆਪਣੇ ਘਰ ਪਰਤਣ ਦੀ ਇਜ਼ਾਜਤ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਕਰਫਿਊ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਵਸਨੀਕਾਂ ਦੀ ਸਹੂਲਤ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕੁਝ ਐਮਰਜੈਂਸੀ ਸਿਹਤ ਸੇਵਾਵਾਂ ਦੀ ਛੋਟ ਦਿੱਤੀ ਗਈ ਸੀ ਪ੍ਰੰਤੂ ਮੈਡੀਕਲ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਐਮਰਜੈਂਸੀ ਹਾਲਾਤਾਂ ਵਿੱਚ ਕੈਂਸਰ, ਡਾਇਲਸਿਸ, ਗਰਭਵਤੀ ਔਰਤਾਂ, ਸ਼ੂਗਰ ਦੇ ਮਰੀਜ਼ਾਂ, ਹਾਰਟ ਦੇ ਮਰੀਜ਼ਾਂ (ਕ੍ਰਿਟੀਕਲ) ਅਤੇ ਕੋਈ ਹੋਰ ਕ੍ਰਿਟੀਕਲ ਐਮਰਜੈਂਸੀ ਵਿੱਚ ਪੀੜਤ ਮਰੀਜ਼ਾਂ ਨੂੰ ਛੋਟ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਅਜਿਹੇ ਪੀੜਤ ਮਰੀਜ਼ਾਂ ਦੇ ਨਾਲ ਜਾਣ ਵਾਲੇ ਇੱਕ ਸਹਾਇਕ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਉਹ ਮਰੀਜ਼ ਦੀ ਬਿਮਾਰੀ ਸਬੰਧੀ ਸਾਰੇ ਡਾਕਟਰੀ ਦਸਤਾਵੇਜ਼ ਨਾਲ ਰੱਖਣਗੇ ਜੋ ਪੁਲਿਸ ਵੱਲੋਂ ਪੂਰਨ ਰੂਪ ਵਿੱਚ ਚੈਕ ਕੀਤੇ ਜਾਣਗੇ ਅਤੇ ਪੁਲਿਸ ਦੀ ਤਸੱਲੀ ਹੋਣ ਉਪਰੰਤ ਹੀ ਇਜਾਜ਼ਤ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਅਧਿਕਾਰ ਦੀ ਗਲਤ ਵਰਤੋਂ ਕਰਦਾ ਪਕੜਿਆ ਗਿਆ ਤਾਂ ਉਸ ਦੇ ਖਿਲਾਫ਼ ਧਾਰਾ 188 ਅਧੀਨ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।