ਘਰਾਂ ਤੱਕ ਮੈਡੀਕਲ ਸਪਲਾਈ, ਰਾਸ਼ਨ ਡਿਲਿਵਰੀ, ਸਬਜ਼ੀ ਸਪਲਾਈ ਤੇ ਗੈਸ ਸਿਲੰਡਰ ਸਪਲਾਈ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ
ਬਲਾਕ ਦੇ 109 ਪਿੰਡਾਂ ’ਚੋਂ 60 ਤੱਕ ਰਾਸ਼ਨ ਦੀ ਪਹੁੰਚ ਯਕੀਨੀ ਬਣੀ
ਬਾਕੀਆਂ ’ਚ ਕਲ੍ਹ ਤੱਕ ਰਾਸ਼ਨ ਦੀ ਮੌਜੂਦਗੀ ਕਰਵਾਈ ਜਾਵੇਗੀ
ਸੀਲ ਕੀਤੇ ਪਿੰਡਾਂ ’ਚ ਲੋੜੀਂਦੀਆਂ ਸਹੂਲਤਾਂ ਦੀ ਕੋਈ ਘਾਟ ਨਹੀਂ ਆਵੇਗੀ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਨਰਸਿੰਗ ਟਿਊਟਰ ਸੀਲ ਕੀਤੇ ਪਿੰਡਾਂ ’ਚ ਤਨਦੇਹੀ ਨਾਲ ਡਿਊਟੀ ’ਤੇ
ਐਸ ਡੀ ਐਮ ਵੱਲੋਂ ਲੋਕਾਂ ਨੂੰ ਸਵੈ-ਅਨੁਸ਼ਾਸਨ ਅਪਣਾ ਕੇ ਘਰਾਂ ’ਚ ਰਹਿਣ ਦੀ ਅਪੀਲ
ਬੰਗਾ, 26 ਮਾਰਚ 2020: ਬੰਗਾ ਸਬ ਡਵੀਜ਼ਨ ’ਚ ਪਠਲਾਵਾ ਤੋਂ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਵਾਇਰਸ ਮਾਮਲੇ ਦੇ ਪਾਜ਼ੇਟਿਵ ਆਉਣ ਬਾਅਦ ਬਣੀ ਸਥਿਤੀ ਤੋਂ ਬਾਅਦ ਲੋਕਾਂ ’ਚ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਲੋਕਾਂ ਨੂੰ ਕਰਫ਼ਿਊ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਭ ਤੋਂ ਵੱਡੀ ਅਪੀਲ ਕੀਤੀ ਜਾ ਰਹੀ ਹੈ।
ਐਸ ਡੀ ਐਮ ਬੰਗਾ ਗੌਤਮ ਜੈਨ ਜੋ ਕਿ ਬੰਗਾ ਸਬ ਡਵੀਜ਼ਨ ’ਚ ਸਮੁੱਚੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ, ਅਨੁਸਾਰ ਪਠਲਾਵਾ ਤੋਂ ਬਾਅਦ ਬੰਗਾ ਸਬ ਡਵੀਜ਼ਨ ਦੇ ਸੀਲ ਕੀਤੇ ਪਿੰਡਾਂ ਦੀ ਗਿਣਤੀ 9 ’ਤੇ ਪੁੱਜ ਗਈ ਹੈ, ਜਿਸ ਕਾਰਨ ਸਬ ਡਵੀਜ਼ਨ ਦੇ ਲੋਕਾਂ ਨੂੰ ਸਭ ਤੋਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪਾਜ਼ੇਟਿਵ ਆਏ ਸਾਰੇ ਮਾਮਲੇ ਬਾਬਾ ਬਲਦੇਵ ਸਿੰਘ ਦੇ ਸੰਪਰਕ ਵਾਲੇ ਹੀ ਹੋਣ ਕਾਰਨ ਪ੍ਰਸ਼ਾਸਨ ਬਹੁਤ ਹੀ ਬਾਰੀਕੀ ਨਾਲ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਰੋਜ਼ਾਨਾ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਠੋਸ ਯਤਨ ਕੀਤੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਨੂੰ ਸੀਲ ਕੀਤਾ ਗਿਆ ਉਨ੍ਹਾਂ ’ਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਰਾਸ਼ਨ, ਸਿਹਤ ਜਾਂਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਸਰਪੰਚ ਤੇ ਹੋਰ ਪਤਵੰਤੇ ਉਨ੍ਹਾਂ ਨਾਲ ਸੰਪਰਕ ’ਚ ਹਨ, ਜਿਸ ਕਾਰਨ ਉਨ੍ਹਾਂ ਨੂੰ ਆਉਂਦੀ ਕਿਸੇ ਵੀ ਮੁਸ਼ਕਿਲ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐਸ ਡੀ ਐਮ ਅਨੁਸਾਰ ਬੰਗਾ ਦੇ ਇਹ 9 ਪਿੰਡ ਅਤੇ ਨਾਲ ਲਗਦੀ ਸਬ ਡਵੀਜ਼ਨ ਨਵਾਂਸ਼ਹਿਰ ਦੇ 5 ਪਿੰਡਾਂ ’ਚ ਕੋਰੋਨਾ ਦੀ ਰੋਕਥਾਮ ਲਈ ਪ੍ਰਵੇਸ਼ ਅਤੇ ਨਿਕਾਸੀ ਦੇ ਰਸਤੇ ਬੰਦ ਕੀਤੇ ਹੋਏ ਹਨ ਤਾਂ ਜੋ ਵਾਇਰਸ ਦਾ ਫੈਲਾਅ ਹੋਰਨਾਂ ਪਿੰਡਾਂ ਤੱਕ ਨਾ ਹੋਵੇ।
ਬੰਗਾ ਸਬ ਡਵੀਜ਼ਨ ਦੇ ਬਾਕੀ ਪਿੰਡਾਂ ’ਚ ਕਰਫ਼ਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਮੈਡੀਕਲ ਸਟੋਰ, ਰਾਸ਼ਨ ਸਟੋਰ, ਸਬਜ਼ੀ ਅਤੇ ਗੈਸ ਸਿਲੰਡਰ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਰੇ ਸਟੋਰਾਂ, ਹਾਕਰਾਂ ਅਤੇ ਗੈਰ ਸਿਲੰਡਰਾਂ ਨੂੰ ਕਰਫ਼ਿਊ ਪਾਸ ਦਿੱਤੇ ਗਏ ਹਨ। ਇਨ੍ਹਾਂ ਸਭਨਾਂ ਦੀ ਸੂਚੀ ਪਿੰਡ ਦੇ ਸਰਪੰਚਾਂ ਨੂੰ ਸੌਂਪ ਕੇ, ਬਾਕੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਣ ਦੀ ਜ਼ਿੰਮੇਂਵਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਆਮਦ ਘਰਾਂ ਤੋਂ ਬਾਹਰ ਨਾ ਹੋਣ ਦੇਣ ਲਈ ਇਹ ਸਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਤੱਕ ਸਬੰਧਤ ਸਟੋਰ ਵਾਲੇ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਪਹੁੰਚਾਉਣਗੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੰਗਾ ਸ਼ਹਿਰ ’ਚ ਵੀ ਹਰ ਵਾਰਡ ’ਚ ਇਨ੍ਹਾਂ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਗਈ ਹੈ ਅਤੇ ਨਗਰ ਕੌਂਸਲ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਸਪਲਾਈ ਕਰਨ ਆਈਆਂ ਗੱਡੀਆਂ/ਰੇਹੜੀਆਂ ਕੋਲ ਇਕੱਠ ਨਾ ਹੋਣ ਦੇਣ ਦੇ ਪ੍ਰਬੰਧ ਕੀਤੇ ਗਏ ਹਨ।
ਪਿੰਡਾਂ ’ਤੇ ਨਜ਼ਰ ਰੱਖਣ ਲਈ 15 ਪੈਟਰੋਲਿੰਗ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ’ਚ ਇੱਕ ਟੀਮ ਮੁੱਖੀ ਦੇ ਨਾਲ 2-2 ਮੈਂਬਰ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਇਸ ਸੰਕਟਕਾਲੀਨ ਸਮੇਂ ’ਚ ਕੋਈ ਮੁਸ਼ਕਿਲ ਨਾ ਆਵੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।
ਐਸ ਡੀ ਐਮ ਅਨੁਸਾਰ ਜਿਨ੍ਹਾਂ ਪਿੰਡਾਂ ਨੂੰ ਸੀਲ ਕੀਤਾ ਗਿਆ ਹੈ, ਉਨ੍ਹਾਂ ਪਿੰਡਾਂ ’ਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਰਸਿੰਗ ਟਿਊਟਰਾਂ ਵੱਲੋਂ ਸੇਵਾ-ਭਾਵ ਨਾਲ ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਇਹ ਟੀਮਾਂ ਅੱਗੇ ਡਾਕਟਰਾਂ ਦੇ ਸੰਪਰਕ ’ਚ ਕੀਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਵਾਇਰਸ ਦੇ ਲੱਛਣ (ਖਾਂਸੀ, ਬੁਖਾਰ ਤੇ ਸਾਹ ਲੈਣ ’ਚ ਤਕਲੀਫ਼) ਹੋਣ ’ਤੇ ਉਸ ਦੀ ਅਗਲੇਰੀ ਜਾਂਚ ਕਰਕੇ ਟੈਸਟ ਕਰਵਾਇਆ ਜਾ ਸਕੇ। ਇਨ੍ਹਾਂ ਸੀਲ ਕੀਤੇ ਗਏ ਪਿੰਡਾਂ ’ਚ ਪਠਲਾਵਾ, ਲਧਾਣਾ ਝਿੱਕਾ, ਲਧਾਣਾ ਉੱਚਾ, ਮਾਹਿਲ ਗਹਿਲਾਂ, ਪੱਦੀ ਮੱਟ ਵਾਲੀ, ਬਾਹਲਾ, ਗੋਬਿੰਦਪੁਰ, ਹੀੲਂ, ਗੁਜਰਪੁਰ ਖੁਰਦ, ਸੁੱਜੋਂ, ਨੌਰਾ, ਭੌਰਾ, ਪੱਲੀ ਝਿੱਕੀ, ਪੱਲੀ ਉੱਚੀ ਤੇ ਸੂਰਾਪੁਰ ਸ਼ਾਮਿਲ ਹਨ।
ਬੰਗਾ ਦੇ ਬੀ ਡੀ ਪੀ ਓ ਪ੍ਰਵੇਸ਼ ਗੋਇਲ ਨੇ ਦੱਸਿਆ ਕਿ ਕਲ੍ਹ ਉਨ੍ਹਾਂ ਵੱਲੋਂ ਬੰਗਾ ਦੇ ਸਮੂਹ ਪਿੰਡਾਂ ਨੂੰ ਸੈਨੇਟਾਈਜ਼ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਦਾ ਪਹਿਲਾ ਗੇੜ ਅੱਜ ਖਤਮ ਕਰ ਲਿਆ ਗਿਆ ਹੈ, ਜਿਸ ਤਹਿਤ ਹਰੇਕ ਪਿੰਡ ’ਚ ਸੋਡੀਅਮ ਹਾਈਪੋਕਲੋਰਾਇਟ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ। ਇਸੇ ਤਰ੍ਹਾਂ ਈ ਓ ਰਾਜੀਵ ਉਬਰਾਏ ਨੇ ਦੱਸਿਆ ਕਿ ਸ਼ਹਿਰ ’ਚ ਸੈਨੀਟਾਈਜ਼ੇਸ਼ਨ ਮੁਹਿੰਮ ਪੂਰੇ ਜ਼ੋਰਾਂ ’ਤੇ ਹੈ।
ਬੰਗਾ ’ਚ ਰਾਸ਼ਨ ਸਪਲਾਈ ਦਾ ਕੰਮ ਦੇਖ ਰਹੇ ਡੀ ਆਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਕਲ੍ਹ ਸ਼ਹਿਰ ’ਚ ਰਾਸ਼ਨ ਦੀ ਸਪਲਾਈ ਚਲਾਉਣ ਬਾਅਦ ਅੱਜ 109 ਪਿੰਡਾਂ ’ਚੋਂ 60 ਤੱਕ ਰਾਸ਼ਨ ਪੁੱਜਦਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੰਗਾ ਸ਼ਹਿਰ ’ਚ 21 ਸਰਾਸ਼ਨ ਸਟੋਰਾਂ ਦੇ ਨੰਬਰ ਲੋਕਾਂ ਨੂੰ ਦਿੱਤੇ ਗਏ ਹਨ ਜਦਕਿ ਪਿੰਡਾਂ ਦੇ ਸਰਪੰਚਾਂ ਨੂੰ ਰਾਸ਼ਨ ਸਟੋਰਾਂ ਦੇ ਨੰਬਰ ਦੇ ਕੇ ਆਪੋ-ਆਪਣੇ ਪਿੰਡ ਦੇ ਲੋਕਾਂ ਲਈ ਸਪਲਾਈ ਲਗਾਤਾਰ ਚਲਦੀ ਰੱਖਣ ਦੀ ਜ਼ਿੰਮੇਂਵਾਰੀ ਦਿੱਤੀ ਗਈ ਹੈ।