ਅਸ਼ੋਕ ਵਰਮਾ
- ਬਠਿੰਡਾ ਤੋਂ ਬਿਨ੍ਹਾਂ ਬਾਕੀ ਸ਼ਹਿਰਾਂ ਵਿਚ ਵੀ ਦਵਾਈਆਂ ਦੀ ਘਰੋ ਘਰੋ ਸਪਲਾਈ ਸ਼ੁਰੂ
ਬਠਿੰਡਾ, 26 ਮਾਰਚ 2020 - ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਲੋਕਾਂ ਤੱਕ ਜਰੂਰੀ ਦਵਾਈਆਂ ਦੀ ਪਹੁੰਚ ਬਣਾਉਣ ਲਈ ਅੱਜ ਜ਼ਿਲ੍ਹੇ ਪ੍ਰਸ਼ਾਸਨ ਨੇ 2 ਦਰਜਨ ਹੋਰ ਵਾਹਨ ਰਵਾਨਾ ਕੀਤੇ ਹਨ ਜੋ ਕਿ ਦਵਾਈਆਂ ਦੀ ਘਰੋਂ ਘਰੀ ਸਪਲਾਈ ਕਰਣਗੇ। ਇੰਨ੍ਹਾਂ ਵਾਹਨਾਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਅਤੇ ਐਸਐਸਪੀ ਸ੍ਰੀ ਨਾਨਕ ਸਿੰਘ ਨੇ ਰਵਾਨਾ ਕੀਤਾ। ਇਸ ਤੋਂ ਬਿਨ੍ਹਾਂ ਬੀਤੇ ਕੱਲ ਤੋਂ ਘਰ ਤੋਂ ਹੀ ਦਵਾਈ ਦਾ ਆਰਡਰ ਦੇਣ ਲਈ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਜਿੱਥੇ ਪ੍ਰਾਪਤ ਹੋ ਰਹੀਆਂ ਫੋਨ ਕਾਲਾਂ ਅਨੁਸਾਰ ਘਰੋ ਘਰੀ ਦਵਾਈ ਭੇਜੀ ਜਾ ਰਹੀ ਹੈ ਜਿਸ ਵਿਚ ਪੰਜਾਬ ਪੁਲਿਸ ਦੇ ਜਵਾਨ ਵੀ ਸਹਾਇਤਾ ਕਰ ਰਹੇ ਹਨ। ਪਰ ਹੁਣ ਇਸ ਸੇਵਾ ਨੂੰ ਹੋਰ ਵਿਸਥਾਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੈਲਪਲਾਈਨ ਨੰਬਰ ਤੇ ਬਹੁਤ ਸਾਰੇ ਫੋਨ ਕਾਲ ਆਮ ਵਰਤੋਂ ਦੀਆਂ ਦਵਾਈਆਂ ਲਈ ਆ ਰਹੇ ਸਨ। ਇਸ ਤਰਾਂ ਹੁਣ ਅਜਿਹੀਆਂ ਦਵਾਈਆਂ ਦੀ ਘਰਾਂ ਤੱਕ ਡਲੀਵਰੀ ਦੇਣ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਫੋਨ ਰਾਹੀਂ ਘਰ ਦਵਾਈ ਮੰਗਵਾਉਣ ਦੀ ਸੇਵਾ ਪਹਿਲਾਂ ਦੀ ਤਰਾਂ ਜਾਰੀ ਹੈ। ਇਸ ਲਈ ਬਠਿੰਡਾ ਸ਼ਹਿਰ ਦੇ ਲੋਕ ਫੋਨ ਨੰਬਰ 9878001451 ਜਾਂ 9814282850 ਤੇ ਕਾਲ ਕਰਕੇ ਆਪਣੀਆਂ ਜਰੂਰੀ ਦਵਾਈਆਂ ਘਰ ਹੀ ਮੰਗਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਨ ਦੀ ਵੀ ਘਰੋਂ ਘਰੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਦੁੱਧ ਅਤੇ ਸਬਜੀਆਂ ਪਹਿਲਾਂ ਹੀ ਲੋਕਾਂ ਤੱਕ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦਾ ਸਖਤੀ ਨਾਲ ਪਾਲਣ ਕਰਨ ਅਤੇ ਆਪਸੀ ਸੰਪਰਕ ਤੋਂ ਬਚਿਆ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਸ਼ੋਸਲ ਮੀਡੀਆ ਤੇ ਅਫਵਾਹਾਂ ਨਾ ਫੈਲਾਊਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਅਜਿਹਾ ਕੀਤਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਵੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਵਲ ਅਤੇ ਪੁਲਿਸ ਪ੍ਰਸਾਸਨ ਨਾਲ ਸਹਿਯੋਕ ਕਰਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਲਈ ਹੀ ਪੰਜਾਬ ਸਰਕਾਰ ਨੇ ਕਰਫਿਊ ਲਾਗੂ ਕੀਤਾ ਹੈ ਅਤੇ ਸਾਨੂੰ ਸਭ ਨੂੰ ਪੂਰੀ ਮਨੁੱਖੀ ਜਾਤੀ ਦੀ ਸੁਰੱਖਿਆ ਲਈ ਇਸ ਦਾ ਪਾਲਣ ਕਰਨਾ ਚਾਹੀਦਾ ਹੈ।