ਹੁਸ਼ਿਆਰਪੁਰ, 27 ਮਾਰਚ 2020 - ਉਦਯੋਗ ਤੇ ਵਣਜ ਮੰਤਰੀ, ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਲਈ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਜਿਥੇ ਜ਼ਿਲ੍ਹਾ ਪ੍ਰਸ਼ਾਸ਼ਨ ਆਮ ਲੋਕਾਂ ਅਤੇ ਜ਼ਰੂਰਤਮੰਦ ਲੋਕਾਂ ਤੱਕ ਮਦਦ ਪਹੁੰਚਾ ਰਿਹਾ ਹੈ, ਉਥੇ ਕਈ ਸੰਸਥਾਵਾਂ ਵੀ ਜ਼ਰੂਰਤਮੰਦਾਂ ਦੀ ਸੇਵਾ ਲਈ ਅੱਗੇ ਆਈਆਂ ਹਨ। ਉਨ੍ਹਾਂ ਕਿਹਾ ਕਿ ਇਸੇ ਲੜੀ ਵਿੱਚ ਧੰਨ ਗੁਰੂ ਰਾਮ ਦਾਸ ਸਾਹਿਬ ਲੰਗਰ ਸੇਵਾ ਸੋਸਾਇਟੀ ਸੇਵਾ ਸਥਾਨ ਪੁਰਹੀਰਾਂ ਵਲੋਂ ਇਸ ਮੁਸ਼ਕਿਲ ਹਾਲਾਤਾਂ ਵਿੱਚ ਕੀਤੀ ਜਾ ਰਹੀ ਲੰਗਰ ਸੇਵਾ ਮਨੁੱਖਤਾ ਦੀ ਇਕ ਅਨੋਖੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਵਲੋਂ ਰੋਜ਼ਾਨਾ 50 ਹਜ਼ਾਰ ਲੋਕਾਂ ਤੱਕ ਲੰਗਰ ਪਹੁਚਾਉਣਾ ਸ਼ੁਰੂ ਕਰ ਦਿੱਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੇਵਾ ਸੋਸਾਇਟੀ ਵਲੋਂ ਅਤਿ-ਆਧੁਨਿਕ ਤਰੀਕੇ ਨਾਲ ਮਸ਼ੀਨਾਂ ਰਾਹੀਂ ਲੰਗਰ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਉਣ ਲਈ ਕਈ ਗੱਡੀਆਂ ਲਗਾਈਆਂ ਗਈਆਂ ਹਨ, ਤਾਂ ਜੋ ਸ਼ਹਿਰ ਅਤੇ ਪਿੰਡਾਂ ਦੇ ਵੱਖ-ਵੱਖ ਸਥਾਨਾਂ 'ਤੇ ਜ਼ਰੂਰਤਮੰਦਾਂ ਤੱਕ ਸਾਫ-ਸੁਥਰੇ ਤਰੀਕੇ ਨਾਲ ਲੰਗਰ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੋਸਾਇਟੀ ਵਲੋਂ ਇਸ ਤਰ੍ਹਾਂ ਦੇ ਮਾਹੌਲ ਦੌਰਾਨ ਕੀਤੀ ਗਈ ਲੰਗਰ ਸੇਵਾ ਸ਼ਲਾਘਾਯੋਗ ਕੰਮ ਹੈ। ਇਸ ਦੌਰਾਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਰਮੇਸ਼ ਜੋਸ਼ੀ, ਸ਼ਾਦੀ ਲਾਲ, ਕਨਵ ਕਪੂਰ, ਸੁਨੀਸ਼ ਜੈਨ, ਜਤਿੰਦਰ ਪੁਰੀ, ਗੁਰਦੀਪ ਕਟੋਚ, ਰਜਤ ਵੀ ਮੌਜੂਦ ਸਨ।