ਅਸ਼ੋਕ ਵਰਮਾ
ਬਠਿੰਡਾ, 22 ਮਾਰਚ 2020 - ਸੀਪੀਆਈ (ਐਮਐਲ) ਲਿਬਰੇਸ਼ਨ ਨੇ ਕੋਰੋਨਾ ਲਾਗ ਦੀ ਰੋਕਥਾਮ ਲਈ ਪੂਰੇ ਦੇਸ਼ ਉਤੇ ਲਾਏ ਗਏ 21 ਦਿਨ ਲੰਬੇ ਕਰਫਿਊ ਦੌਰਾਨ ਆਮ ਜਨਤਾ ਨੂੰ ਘਰ ਬੰਦੀ ਵਿੱਚ ਜਿਉਂਦੇ ਰਹਿਣ ਲਈ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਲੋੜੀਂਦਾ ਪੈਸਾ ਜਾਰੀ ਕਰਨ ਦੀ ਬਜਾਏ, ਅਜਿਹੀ ਨਾਜ਼ੁਕ ਹਾਲਤ ਵਿੱਚ ਵੀ ਮੋਦੀ ਸਰਕਾਰ ਵਲੋਂ ਹਥਿਆਰ ਦੀ ਖਰੀਦ ਦਾ ਕਰੋੜਾਂ ਡਾਲਰਾਂ ਦਾ ਸੌਦਾ ਕਰਨ ਨੂੰ ਸਿਰੇ ਦੀ ਸੰਵੇਦਨਹੀਣਤਾ ਕਰਾਰ ਦਿੰਦਿਆਂ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ।
ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਅਤੇ ਨੱਤ ਵਲੋਂ ਇਥੋਂ ਜਾਰੀ ਬਿਆਨ ਵਿੱਚ ਦਸਿਆ ਹੈ ਕਿ ਜਦੋਂ ਇਕ ਪਾਸੇ ਪਾਕਿਸਤਾਨ ਸਮੇਤ ਸੰਸਾਰ ਦੇ ਅਨੇਕਾਂ ਗਰੀਬ ਤੇ ਅਮੀਰ ਦੇਸ਼ਾਂ ਦੀਆਂ ਸਰਕਾਰਾਂ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਆਪੋ-ਆਪਣੇ ਦੇਸ਼ਾਂ ਵਿੱਚ ਲਾਈਆਂ ਸਖ਼ਤ ਪਾਬੰਦੀਆਂ ਤੇ ਮੁਕੰਮਲ ਲਾਕਡਾਊਨ ਦੌਰਾਨ ਆਪਣੀ ਸਮੁੱਚੀ ਜਨਤਾ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਲਈ ਅਰਬਾਂ ਖਰਬਾਂ ਡਾਲਰਾਂ/ਰੁਪਏ ਦੇ ਪੈਕੇਜ਼ ਜਾਰੀ ਕਰ ਰਹੀਆਂ ਹਨ, ਤਾਂ ਦੂਜੇ ਪਾਸੇ ਇਸ ਨਾਜ਼ੁਕ ਦੌਰ ਵਿੱਚ ਵੀ ਮੋਦੀ ਸਰਕਾਰ ਜਨਤਾ ਨੂੰ ਰਾਹਤ ਦੇਣ ਵਿੱਚ ਤਾਂ ਪੂਰੀ ਕੰਜੂਸੀ ਵਿਖਾ ਰਹੀ ਹੈ, ਪਰ ਦੇਸ਼ ਦੀ ਜਨਤਾ ਤੋਂ ਟੈਕਸਾਂ ਰਾਹੀਂ ਇਕੱਠਾ ਕੀਤਾ ਪੈਸਾ ਹਥਿਆਰਾਂ ਦੀ ਖਰੀਦ ਦੇ ਸੌਦਿਆਂ ਉਤੇ ਫੂਕਣ ਤੋਂ ਭੋਰਾ ਗ਼ੁਰੇਜ਼ ਨਹੀਂ ਕਰ ਰਹੀ। ਬਿਆਨ ਵਿਚ ਦੱਸਿਆ ਗਿਆ ਹੈ ਕਿ ਇਕ ਪ੍ਰਮੁੱਖ ਇੰਗਲਿਸ਼ ਅਖ਼ਬਾਰ 'ਮਿਡਲ ਈਸਟ ਆਈ' ਨੇ ਆਪਣੇ 24 ਮਾਰਚ ਦੇ ਇਸ਼ੂ ਵਿੱਚ ਜਾਣਕਾਰੀ ਦਿੱਤੀ ਹੈ ਕਿ 19 ਮਾਰਚ 2020 ਨੂੰ ਭਾਰਤ ਅਤੇ ਇਸਰਾਇਲ ਨੇ ਹਥਿਆਰਾਂ ਦੀ ਖਰੀਦ ਦੇ ਇਕ ਵੱਡੇ ਕਰਾਰ ਉਤੇ ਦਸਤਖਤ ਕੀਤੇ ਹਨ, ਜਿਸ ਮੁਤਾਬਿਕ ਭਾਰਤ ਇਸਰਾਇਲ ਤੋਂ 16,479 ਲਾਈਟ ਮਸ਼ੀਨਗੰਨਾਂ ਦੀ ਖਰੀਦੇਗਾ ।
ਲਿਬਰੇਸ਼ਨ ਮਾਲਵਾ ਜੋਨ ਕਮੇਟੀ ਮੈਬਰ ਕਾਮਰੇਡ ਗੁਰਤੇਜ ਮਹਿਰਾਜ ਦਾ ਕਹਿਣਾ ਹੈ ਕਿ ਹੁਣ ਜਦੋਂ ਭਾਰਤ ਦਾ ਕਿਸੇ ਗੁਆਂਢੀ ਦੇਸ਼ ਨਾਲ ਕੋਈ ਤਣਾਅ ਨਹੀਂ ਅਤੇ ਕੋਰੋਨਾ ਖਿਲਾਫ ਜੰਗ ਵਿੱਚ ਲੱਗੇ ਸਾਡੇ ਡਾਕਟਰਾਂ, ਸਿਹਤ ਕਰਮਚਾਰੀ, ਪੁਲਿਸ ਮੁਲਾਜ਼ਮ, ਸਫਾਈ ਕਰਮੀ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੇ ਹੋਰ ਸਾਰੇ ਲੋਕ ਲੋੜੀਂਦੇ ਮਾਸਿਕਾਂ, ਚੋਗਿਆਂ, ਦਸਤਾਨਿਆਂ ਅਤੇ ਸੈਨੀਂਟਾਈਜ਼ਰਾਂ ਵਰਗੇ ਬਚਾਅ ਦੇ ਸਧਾਰਨ ਸਾਧਨਾਂ ਦੀ ਗੰਭੀਰ ਘਾਟ ਜਾਂ ਅਣਹੋਂਦ ਨਾਲ ਜੂਝ ਰਹੇ ਹਨ । ਦੇਸ਼ ਨੂੰ ਇਸ ਬੀਮਾਰੀ ਦੇ ਲਗਾਤਾਰ ਵੱਧ ਰਹੇ ਮਰੀਜ਼ਾਂ ਦੇ ਮੱਦੇਨਜ਼ਰ ਹਸਪਤਾਲਾਂ, ਦਵਾਈਆਂ, ਸੈਨੇਟਾਈਜੇਸ਼ਨ ਸਪਰੇਅ ਮਸ਼ੀਨਾਂ, ਆਈਸੋਲੇਟਡ ਬਿਸਤਰਿਆਂ ਅਤੇ ਵੈਂਟੀਲੇਟਰਾਂ ਆਦਿ ਦੀ ਭਾਰੀ ਮਾਤਰਾ ਵਿੱਚ ਜ਼ਰੂਰਤ ਹੈ, ਤਾਂ ਅਜਿਹੇ ਮੌਕੇ ਇੰਨ੍ਹਾਂ ਜੀਵਨ ਬਚਾਊ ਵਸਤਾਂ ਦੀ ਬਜਾਏ ਭਲਾਂ ਦੇਸ਼ ਦਾ ਪੈਸਾ ਹਥਿਆਰਾਂ ਦੀ ਖਰੀਦ ਉਤੇ ਖ਼ਰਚਣ ਦੀ ਤੁੱਕ ਹੈ !