ਮੋਹਾਲੀ ਸ਼ਹਿਰ ਵਿੱਚ ਵਿਕੀਆਂ 39 ਟਨ ਸਬਜ਼ੀਆਂ
ਡੀਸੀ ਨੇ ਕੀਤੇ ਸਬਜ਼ੀਆਂ ਦੀ ਪਰਚੂਨ ਵਿਕਰੀ ਦੇ ਰੇਟ ਨਿਰਧਾਰਤ
ਐਸ.ਏ.ਐਸ. ਨਗਰ , 27 ਮਾਰਚ 2020: ਕਰਫਿਊ ਦੇ ਚਲਦਿਆਂ ਜ਼ਿਲ੍ਹਾ ਵਾਸੀਆਂ ਨੂੰ ਦੁੱਧ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਸ੍ਰੀ ਗਿਰੀਸ਼ ਦਿਆਲਨ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਵੇਰਕਾ ਵੱਲੋਂ ਜ਼ਿਲ੍ਹੇ ਵਿੱਚ 80576 ਲੀਟਰ ਦੁੱਧ ਸਪਲਾਈ ਕੀਤਾ ਗਿਆ। ਇਸ ਤੋਂ ਇਲਾਵਾ ਛੋਟੇ ਦੋਧੀਆਂ ਵੱਲੋਂ ਵੀ ਘਰ-ਘਰ ਦੁੱਧ ਦੀ ਸਪਲਾਈ ਕੀਤੀ ਗਈ।
ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਜ਼ਿਲ੍ਹੇ ਵਿਚ ਵੇਰਕਾ ਦੇ ਦੁੱਧ ਦੀ ਔਸਤਨ ਖਪਤ 65,000 ਲੀਟਰ ਹੈ ਪਰ ਕਰਫਿਊ ਦੌਰਾਨ ਹੋਰਨਾਂ ਥਾਵਾਂ ਤੋਂ ਆਉਣ ਵਾਲੇ ਦੁੱਧ ਦੀ ਕਮੀ ਨੂੰ ਪੂਰਾ ਕਰਦਿਆਂ ਵੇਰਕਾ ਵੱਲੋਂ 15000 ਲੀਟਰ ਦੁੱਧ ਵੱਧ ਸਪਲਾਈ ਕੀਤਾ ਗਿਆ।
ਇਸੇ ਤਰ੍ਹਾਂ ਜ਼ਿਲ੍ਹਾ ਮੰਡੀ ਅਫਸਰ ਵੱਲੋਂ ਕੀਤੇ ਪ੍ਰਬੰਧਾਂ ਸਦਕਾ ਮੋਹਾਲੀ ਸ਼ਹਿਰ ਵਿੱਚ ਲੋਕਾਂ ਨੇ 39 ਟਨ ਸਬਜ਼ੀਆਂ ਦੀ ਖਰੀਦ ਕੀਤੀ। ਇਹ ਸਬਜ਼ੀਆਂ ਉਹਨਾਂ ਨੂੰ ਘਰ-ਘਰ ਮੁਹੱਈਆ ਕਰਵਾਈਆਂ ਗਈਆਂ।
ਸਬਜ਼ੀ ਵਿਕਰੇਤਾਵਾਂ ਵੱਲੋਂ ਸਬਜ਼ੀ ਮਹਿੰਗੇ ਭਾਅ ਵੇਚੇ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਪ੍ਰਮੁੱਖ ਸਬਜ਼ੀਆਂ, ਜਿਹਨਾਂ ਦੀ ਮੰਗ ਬਹੁਤ ਜ਼ਿਆਦਾ ਹੈ, ਦੇ ਪਰਚੂਨ ਵਿਕਰੀ ਦੇ ਰੇਟ ਨਿਰਧਾਰਤ ਕਰ ਦਿੱਤੇ ਹਨ।
ਡੀਸੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਲੂ 50 ਰੁਪਏ ਕਿਲੋ, ਪਿਆਜ਼ 45 ਰੁਪਏ ਕਿਲੋ, ਟਮਾਟਰ 60 ਰੁਪਏ ਕਿਲੋ, ਫੁੱਲ ਗੋਭੀ 40 ਰੁਪਏ ਕਿਲੋ, ਮਟਰ 120 ਰੁਪਏ ਕਿਲੋ, ਗਾਜਰ 50 ਰੁਪਏ ਕਿਲੋ, ਘੀਆ 60 ਰੁਪਏ ਕਿਲੋ, ਚੱਪਣ ਕੱਦੂ 60 ਰੁਪਏ ਕਿਲੋ, ਹਰੀ ਮਿਰਚ 20 ਰੁਪਏ ਪ੍ਰਤੀ 100 ਗ੍ਰਾਮ, ਅਦਰਕ 25 ਰੁਪਏ ਪ੍ਰਤੀ 100 ਗ੍ਰਾਮ, ਲਸਣ 170 ਰੁਪਏ ਕਿਲੋ, ਨਿੰਬੂ 120 ਰੁਪਏ ਕਿਲੋ, ਪਾਲਕ 10-15 ਰੁਪਏ ਪ੍ਰਤੀ ਗੁੱਛੀ, ਧਣੀਆ 10-15 ਰੁਪਏ ਪ੍ਰਤੀ ਗੁੱਛੀ, ਮੇਥੀ 10-15 ਰੁਪਏ ਪ੍ਰਤੀ ਗੁੱਛੀ ਤੋਂ ਵੱਧ ਨਹੀਂ ਵੇਚੇ ਜਾਣਗੇ।