ਮਨਿੰਦਰਜੀਤ ਸਿੱਧੂ
- ਮੈਂ ਸੰਕਟ ਦੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹਾ ਹਾਂ-ਮੁਹੰਮਦ ਸਦੀਕ
ਜੈਤੋ, 28 ਮਾਰਚ 2020 - ਵਿਸ਼ਵ ਪੱਧਰ ‘ਤੇ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਨੇ ਭਾਰਤ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ। ਦੇਸ਼ ਦੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਰਾਜ ਸਰਕਾਰ ਵੱਲੋਂ ਲੋਕਾਂ ਨੂੰ ਇਸ ਨਾਮੁਰਾਦ ਵਾਇਰਸ ਤੋਂ ਪੀੜਿਤ ਹੋਣ ਤੋਂ ਬਚਾਉਣ ਲਈ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ। ਫਰੀਦਕੋਟ ਲੋਕ ਸਭਾ ਹਲਕੇ ਤੋਂ ਐੱਮ.ਪੀ ਜਨਾਬ ਮੁਹੰਮਦ ਸਦੀਕ ਨੇ ‘ਕੋਰੋਨਾ ਵਾਇਰਸ’ ਦੇ ਟਾਕਰੇ ਲਈ ਆਪਣੇ ਅਖਿਤਿਆਰੀ ਕੋਟੇ ਵਿੱਚੋਂ ਪੰਜਾਹ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਾਂਸਦ ਮੁਹੰਮਦ ਸਦੀਕ ਨੇ ਦੱਸਿਆ ਕਿ ‘ਕੋਰੋਨਾ’ ਸਮੁੱਚੀ ਮਾਨਵ ਜਾਤੀ ਲਈ ਖਤਰਾ ਬਣ ਕੇ ਖੜ੍ਹੀ ਹੋ ਗਈ ਹੈ। ਇਸ ਤੋਂ ਬਚਾਅ ਲਈ ਸਾਨੂੰ ਹੁਣ ਜਾਤਾਂ, ਧਰਮਾਂ, ਰਾਜਨੀਤਿਕ ਦਲਾਂ ਤੋਂ ਉੱਪਰ ਉੱਠ ਕੇ ਲੜਾਈ ਲੜਨੀ ਪਵੇਗੀ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੂੰ ਫਰੀਦਕੋਟ ਜਿਲ੍ਹੇ ਵਿੱਚ ਕੋਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਮੈਡੀਕਲ ਸਹੂਲਤਾਂ ਲਈ ਪੰਜਾਹ
ਲੱਖ ਰੁਪਏ ਜਾਰੀ ਕਰਨ ਲਈ ਪੱਤਰ ਲਿਖ ਦਿੱਤਾ ਹੈ।ਉਹਨਾਂ ਦੇ ਮੈਂਬਰ ਪਾਰਲੀਮੈਂਟ ਲੋਕਲ ਏਰੀਆਂ ਡਿਵੈਲਪੈਂਟ ਫੰਡ ਵਿੱਚੋਂ ਜਾਰੀ ਇਹ ਰਾਸ਼ੀ ‘ਕੋਰੋਨਾ’ ਦੇ ਟੈਸਟਿੰਗ, ਪਰਖ ਅਤੇ ਬਚਾਅ ਲਈ ਹੋਰ ਮੈਡੀਕਲ ਮਸ਼ੀਨਰੀ ਖਰੀਦਣ ਲਈ ਵਰਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹੇ ਹਨ।ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਪਰਦੀਪ ਗਰਗ ਮਲੋਟ ਵਾਲੇ ਅਤੇ ਐਡਵੋਕੇਟ ਮਦਨ ਲਾਲ ਬਾਂਸਲ ਸ਼ਾਮਲ ਸਨ।