ਅਸ਼ੋਕ ਵਰਮਾ
ਮਾਨਸਾ, 28 ਮਾਰਚ 2020 - ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਕ੍ਰਿਮੀਨਲ ਪ੍ਰੋਸੀਜ਼ਰ ਕੋਡ 1974 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਬੈਂਕਾ ਦੇ ਏ.ਟੀ.ਐਮ. ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਹੁਕਮ ਵਿੱਚ ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਨਗਦ ਰਾਸ਼ੀ ਲਈ ਇਹ ਏ.ਟੀ.ਐਮ. ਰੋਸ਼ਟਰ ਵਾਈਜ਼ ਖੋਲ੍ਹੇ ਜਾਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਬੈਂਕਾਂ ਦੇ ਬਰਾਂਚ ਮੈਨੇਜ਼ਰ ਇਹ ਯਕੀਨੀ ਬਣਾਉਨਗੇ ਕਿ ਜੋ ਵਿਅਕਤੀ ਏ.ਟੀ.ਐਮ. ਦੀ ਵਰਤੋਂ ਕਰਨ ਲਈ ਆਉਣਗੇ ਉਨ੍ਹਾਂ ਵਿੱਚ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣੀ ਰਹੇ। ਉਨ੍ਹਾ ਕਿਹਾ ਕਿ ਜਿਹੜੇ ਕਰਮਚਾਰੀ ਦੀ ਏ.ਟੀ.ਐਮ. 'ਤੇ ਡਿਊਟੀ ਲਗਾਈ ਜਾਵੇਗੀ ਉਹ ਕੋਰੋਨਾ ਵਾਇਰਸ ਦੇ ਬਚਾਅ ਸਬੰਧੀ ਸਾਧਨਾਂ ਤੋਂ ਪੂਰੀ ਤਰ੍ਹਾਂ ਲੈਸ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕਰਮਚਾਰੀ ਖਪਤਕਾਰ ਵੱਲੋਂ ਏ.ਟੀ.ਐਮ. ਦੀ ਵਰਤੋਂ ਕਰਨ ਤੋਂ ਬਾਅਦ ਏ.ਟੀ.ਐਮ. ਟਚਪੈਡ ਜਾਂ ਕੀਪੈਡ ਅਤੇ ਏ.ਟੀ.ਐਮ. ਦੇ ਦਰਵਾਜ਼ੇ ਵਾਲੇ ਹੈਂਡਲ ਨੂੰ ਸੈਨੇਟਾਈਜ਼ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਏ.ਟੀ.ਐਮ. ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਜ਼ਿਆਦਾ ਭੀੜ ਹੁੰਦੀ ਹੈ ਤਾਂ ਬਰਾਂਚ ਮੈਨੇਜਰ ਹੋਰ ਸਟਾਫ਼ ਲੋਕਾਂ ਦੀ ਆਪਸੀ ਦੂਰੀ ਬਣਾਈ ਰੱਖਣ ਲਈ ਤਾਇਨਾਤ ਕਰ ਸਕਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕਰੰਸੀ ਚੈਸਟ ਬਰਾਂਚਾਂ, ਐਸ.ਬੀ.ਆਈ. ਹਸਪਤਾਲ ਰੋਡ ਮਾਨਸਾ ਅਤੇ ਐਸ.ਬੀ.ਆਈ. ਬੁਢਲਾਡਾ ਨੂੰ ਸਵੇਰੇ 9 ਤੋਂ ਸਵੇਰੇ 11 ਵਜੇ ਤੱਕ ਸਾਰੇ ਏ.ਟੀ.ਐਮਜ਼ ਵਿੱਚ ਕੈਸ਼ ਪਾਉਣ ਲਈ ਪਾਬੰਦ ਹੋਣਗੇ। ਉਨ੍ਹਾ ਕਿਹਾ ਕਿ ਹਰੇਕ ਬਰਾਂਚ ਵਿੱਚ ਘੱਟ ਤੋਂ ਘੱਟ ਸਟਾਫ਼ ਤਾਇਨਾਤ ਕੀਤਾ ਜਾਵੇ ਤੇ ਉਹ ਸਟਾਫ਼ ਆਪਸ ਵਿੱਚ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੇ। ਉਨ੍ਹਾਂ ਕਿਹਾ ਕਿ ਸਟਾਫ਼ ਨੂੰ ਦਸਤਾਨੇ, ਮਾਸਕ ਅਤੇ ਸੈਨੇਟਾਈਜ਼ਰ ਦੇਣ ਦੀ ਜ਼ਿੰਮੇਵਾਰੀ ਬਰਾਂਚ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਬੈਂਕ ਬਰਾਂਚਾ ਨੂੰ ਛੋਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਕਰਮਚਾਰੀਆਂ ਕੋਲ ਘਰ ਤੋਂ ਲੈ ਕੇ ਏ.ਟੀ.ਐਮ, ਕਰੰਸੀ ਚੈਸਟ ਬਰਾਂਚ ਤੱਕ ਜਾਣ ਦਾ ਸ਼ਨਾਖ਼ਤੀ ਕਾਰਡ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਛੋਟ ਉਨ੍ਹਾਂ ਕੰਪਨੀਆਂ ਲਈ ਵੀ ਹੋਵੇਗੀ ਜੋ ਏ.ਟੀ.ਐਮ. ਲਈ ਕੈਸ਼ ਲੈ ਕੇ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕੈਸ਼ ਵੈਨ ਵਿੱਚ ਸਫ਼ਰ ਕਰਨ ਵਾਲੇ ਹਰੇਕ ਮੁਲਾਜ਼ਮ ਕੋਲ ਸ਼ਨਾਖ਼ਤੀ ਕਾਰਡ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸ਼ਨਾਖ਼ਤੀ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਦੇਖਣ ਉਪਰੰਤ ਹੀ ਪੁਲਿਸ ਵੱਲੋਂ ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ।