ਸੰਜੀਵ ਸੂਦ
- ਕਿਹਾ ਨਹੀਂ ਮਿਲ ਰਹੀ ਰੋਟੀ ਪਾਣੀ ਤੇ ਰਹਿਣ ਦਾ ਕੋਈ ਠਿਕਾਣਾ...
ਲੁਧਿਆਣਾ, 29 ਮਾਰਚ 2020 - ਕੋਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਨੂੰ ਲਾਕ ਡਾਊਨ ਕਰ ਦਿੱਤਾ ਗਿਆ ਹੈ ਜਿਸ ਕਾਰਨ ਸੜਕੀ ਆਵਾਜਾਈ, ਰੇਲ ਆਵਾਜਾਈ ਆਦਿ ਵੀ ਬੰਦ ਕਰ ਦਿੱਤੀ ਗਈ ਹੈ। ਲੁਧਿਆਣਾ ਦੇ ਵਿੱਚ ਵੱਡੀ ਤਦਾਦ 'ਚ ਯੂਪੀ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਫੈਕਟਰੀਆਂ ਆਦਿ 'ਚ ਕੰਮ ਕਰਦੇ ਹਨ। ਪਰ ਪੰਜਾਬ 'ਚ ਲੱਗੇ ਕਰਫਿਊ ਕਾਰਨ ਹੁਣ ਉਹ ਇੱਥੋਂ ਨਿਕਲਣ 'ਚ ਹੀ ਆਪਣੀ ਭਲਾਈ ਸਮਝ ਰਹੇ ਹਨ। ਸਾਡੀ ਟੀਮ ਵੱਲੋਂ ਜਦੋਂ ਇਨ੍ਹਾਂ ਮਜ਼ਦੂਰਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਰੋਜ਼ਾਨਾ ਦਿਹਾੜੀ ਆਦਿ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ ਪਰ ਹੁਣ ਕੰਮਕਾਰ ਠੱਪ ਹੋਣ ਕਾਰਨ ਉਨ੍ਹਾਂ ਦੀ ਇਥੇ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ।
ਲੁਧਿਆਣਾ ਤੋਂ ਦਰਜਨਾਂ ਹੀ ਪਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਪਿੰਡਾਂ ਵੱਲ ਨੂੰ ਨਿਕਲ ਗਏ ਨੇ। ਕਿਸੇ ਨੇ ਯੂਪੀ ਜਾਣਾ ਹੈ ਅਤੇ ਕਿਸੇ ਨੇ ਬਿਹਾਰ ਜੋ ਲੁਧਿਆਣਾ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹਨ ਅਤੇ ਕੋਈ ਸਾਧਨ ਨਾ ਮਿਲਣ ਕਾਰਨ ਇਹ ਪਰਵਾਸੀ ਪੈਦਲ ਹੀ ਆਪੋ ਆਪਣੇ ਪਿੰਡਾਂ ਵੱਲ ਨੂੰ ਜਾਣਾ ਸ਼ੁਰੂ ਕਰ ਰਹੇ ਨੇ। ਜਦੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਬੇਹੱਦ ਗਰੀਬ ਨੇ ਅਤੇ ਫੈਕਟਰੀ ਆਦਿ 'ਚ ਕੰਮ ਕਰਕੇ ਆਪਣਾ ਗੁਜਾਰਾ ਕਰਦੇ ਨੇ। ਪਰ ਹੁਣ ਉਨ੍ਹਾਂ ਕੋਲ ਹੋਰ ਕੋਈ ਸਾਧਨ ਨਹੀਂ ਕਮਾਈ ਨਹੀਂ ਹੋ ਰਹੀ ਅਤੇ ਘਰ ਦਾ ਖਰਚਾ ਚਲਾਉਣਾ ਵੀ ਔਖਾ ਹੋ ਗਿਆ ਹੈ। ਇਥੋਂ ਤੱਕ ਕਿ ਕਈ ਮਜ਼ਦੂਰਾਂ ਦੇ ਸਾਡੀ ਟੀਮ ਨਾਲ ਗੱਲਬਾਤ ਦੌਰਾਨ ਹੰਝੂ ਤੱਕ ਆ ਗਏ ਅਤੇ ਆਪਣੀ ਮਜ਼ਬੂਰੀ ਬਿਆਨ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ।
ਸੋ ਇੱਕ ਪਾਸੇ ਦਾ ਪ੍ਰਸ਼ਾਸਨ ਲੋਕਾਂ ਨੂੰ ਹਰ ਮਦਦ ਦੇਣ ਦੇ ਦਾਅਵੇ ਕਰ ਰਿਹਾ ਹੈ ਉਥੇ ਦਰਜਨਾਂ ਪ੍ਰਵਾਸੀ ਮਜ਼ਦੂਰ ਆਪੋ ਆਪਣੇ ਪਿੰਡਾਂ ਵੱਲ ਨੂੰ ਸਹੂਲਤਾਂ ਨਾ ਮਿਲਣ ਕਾਰਨ ਪੈਦਲ ਹੀ ਨਿਕਲ ਗਏ ਨੇ। ਇਸ ਦੇ ਬਾਵਜੂਦ ਕਿ ਉਨ੍ਹਾਂ ਨੂੰ ਉੱਥੇ ਪਹੁੰਚਣ ਨੂੰ ਹੀ ਕਈ ਦਿਨ ਲੱਗ ਜਾਣਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/263812657967002/