ਰਜਨੀਸ਼ ਸਰੀਨ
- ਰੂਪਨਗਰ ਦੇ ਸਿਵਲ ਹਸਪਤਾਲ ਨੂੰ ਐਂਬੂਲੈਂਸ ਵਾਸਤੇ 15 ਲੱਖ ਰੁਪਏ ਦੀ ਗ੍ਰਾਂਟ ਜਾਰੀ
ਰੂਪਨਗਰ, 29 ਮਾਰਚ 2020 - ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਵਾਸਤੇ ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਅਤੇ ਕੁਝ ਹੋਰ ਦਿਨ ਤੱਕ ਆਪੋ-ਆਪਣੇ ਘਰਾਂ ਚ ਰਹਿਣ ਦੀ ਅਪੀਲ ਕੀਤੀ ਹੈ। ਲੋਕਾਂ ਦੀ ਸਿਹਤ ਨੂੰ ਪ੍ਰਾਥਮਿਕਤਾ ਦਿੰਦਿਆਂ, ਐੱਮ.ਪੀ ਨੇ ਆਪਣੇ ਕੋਟੇ ਤੋਂ ਰੂਪਨਗਰ ਦੇ ਸਿਵਲ ਹਸਪਤਾਲ ਵਾਸਤੇ ਉੱਚ ਪੱਧਰੀ ਸੁਵਿਧਾਵਾਂ ਨਾਲ ਲੈਸ ਐਂਬੂਲੈਂਸ ਖਰੀਦਣ ਲਈ 15 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ।
ਐੱਮ.ਪੀ ਤਿਵਾੜੀ ਨੇ ਫੇਸਬੁੱਕ ਤੇ ਲਾਈਵ ਹੋ ਕੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 22 ਮਾਰਚ ਤੋਂ ਜਨਤਾ ਕਰਫਿਊ ਦੇ ਨਾਲ ਲੋਕ ਡਾਉਨ ਦੇ 8 ਦਿਨ ਪੂਰੇ ਹੋ ਚੁੱਕੇ ਹਨ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਅਸੀਂ ਹੁਣ ਤੱਕ ਇਸ ਬਿਮਾਰੀ ਨੂੰ ਦੇਸ਼ ਚ ਫੈਲਣ ਤੋਂ ਰੋਕ ਸਕੇ ਹਾਂ। ਹਾਲਾਂਕਿ ਅਸੀਂ ਹਾਲੇ ਬਹੁਤ ਵੱਡੀ ਸਿਹਤ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ, ਜਿਸਨੂੰ ਮੈਡੀਕਲ ਦੀ ਭਾਸ਼ਾ ਚ ਤੀਜਾ ਸਟੇਜ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਹਾਲਾਤਾਂ ਤੇ ਕਾਬੂ ਪਾਉਣ ਲਈ ਸਾਨੂੰ ਆਉਣ ਵਾਲੇ ਕੁਝ ਹੋਰ ਦਿਨਾਂ ਤੱਕ ਇਸੇ ਤਰੀਕੇ ਨਾਲ ਅਨੁਸ਼ਾਸਨ ਦਾ ਪਾਲਣ ਕਰਕੇ ਆਪੋ-ਆਪਣੇ ਘਰਾਂ ਚ ਰਹਿਣਾ ਹੋਵੇਗਾ।
ਇਸ ਤੋਂ ਇਲਾਵਾ, ਤਿਵਾੜੀ ਨੇ ਲੋਕਾਂ ਨੂੰ ਕਰਫਿਊ ਪਾਸ ਸਿਰਫ ਐਮਰਜੈਂਸੀ ਦੀ ਸਥਿਤੀ ਚ ਹੀ ਮੰਗਣ ਦੀ ਅਪੀਲ ਕੀਤੀ। ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਕਰਫਿਊ ਪਾਸ ਲਈ ਕਈ ਲੋਕਾਂ ਦੇ ਫੋਨ ਆ ਰਹੇ ਹਨ, ਪਰ ਉਹ ਸਿਰਫ ਮੈਡੀਕਲ ਐਮਰਜੈਂਸੀ ਜਾਂ ਫਿਰ ਗੰਭੀਰ ਹਲਾਤਾਂ ਚ ਹੀ ਕਰਫਿਊ ਪਾਸ ਲੈਣ ਦੀ ਅਪੀਲ ਕਰਦੇ ਹਨ, ਨਾ ਕਿ ਸੈਰ ਸਪਾਟੇ ਵਾਸਤੇ। ਜਦਕਿ ਇਨ੍ਹਾਂ ਹਾਲਾਤਾਂ ਤੇ ਬਾਹਰ ਜਾ ਕੇ ਅਸੀਂ ਖੁਦ ਦੀ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਖਤਰੇ ਚ ਪਾ ਰਹੇ ਹਾਂ। ਇਸ ਤੋਂ ਇਲਾਵਾ, ਉਨ੍ਹਾਂ ਇਨ੍ਹਾਂ ਗੰਭੀਰ ਹਾਲਾਤਾਂ ਚ ਲੋੜਵੰਦਾਂ ਨੂੰ ਰਾਸ਼ਨ ਤੇ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਵਾਲੇ ਵੱਖ-ਵੱਖ ਸਿਆਸੀ ਦਲਾਂ, ਸੰਸਥਾਵਾਂ ਤੇ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀ ਸ਼ਲਾਘਾ ਕੀਤੀ, ਪਰ ਇਸਦੇ ਨਾਲ ਹੀ ਮੌਜੂਦਾ ਹਾਲਾਤਾਂ ਚ ਪਰਸਨਲ ਕ੍ਰੈਡਿਟ ਨਹੀਂ ਲੈਣ ਦੀ ਵੀ ਸਲਾਹ ਦਿੱਤੀ।
ਤਿਵਾੜੀ ਨੇ ਖੁਲਾਸਾ ਕੀਤਾ ਕਿ ਲੋਕਾਂ ਦੀ ਸਿਹਤ ਨੂੰ ਪ੍ਰਾਥਮਿਕਤਾ ਦਿੰਦਿਆਂ, ਉਨ੍ਹਾਂ ਰੂਪਨਗਰ ਦੇ ਸਿਵਲ ਹਸਪਤਾਲ ਨੂੰ ਉੱਚ ਪੱਧਰੀ ਸੁਵਿਧਾਵਾਂ ਨਾਲ ਲੈਸ ਐਂਬੂਲੈਂਸ ਵਾਸਤੇ 15 ਲੱਖ ਰੁਪਏ ਦੀ ਆਪਣੇ ਕੋਟੇ ਤੋਂ ਗ੍ਰਾਂਟ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕਈ ਜੰਗਾਂ ਨੂੰ ਜਿੱਤਿਆ ਹੈ ਅਤੇ ਇਹ ਲੜਾਈ ਘਰ ਦੇ ਅੰਦਰ ਰਹਿ ਕੇ ਜਿੱਤੀ ਜਾ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਗੰਭੀਰਤਾ ਅਤੇ ਮਿਹਨਤ ਨਾਲ ਕੋਰੋਨਾ ਵਾਇਰਸ ਖਿਲਾਫ ਜੰਗ ਲੜ ਰਹੀ ਹੈ। ਅਜਿਹੇ ਚ ਉਹ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਅਨੁਸ਼ਾਸਨਾਤਮਕ ਤਰੀਕੇ ਨਾਲ ਪਾਲਣ ਕਰਨ ਤੇ ਆਪੋ-ਆਪਣੇ ਘਰਾਂ ਚ ਰਹਿਣ ਦੀ ਅਪੀਲ ਕਰਦੇ ਹਨ।