ਚੋਵੇਸ਼ ਲਟਾਵਾ
ਨੰਗਲ, 29 ਮਾਰਚ 2020 - ਦੇਖਣ ਅਤੇ ਸੁਣਨ 'ਚ ਇਹ ਆਪਣੇ ਆਪ ਵਿੱਚ ਨਿਵੇਕਲੀ ਗੱਲ ਲੱਗ ਰਹੀ ਹੈ ਪਰ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਦੇ ਲਈ ਜਿੱਥੇ ਸਮਾਜ ਸੇਵੀ ਸੰਗਠਨਾਂ ਵੱਲੋਂ ਗਰੀਬ ਤੇ ਲੋੜਵੰਦਾਂ ਦੀ ਮਦਦ ਦੇ ਲਈ ਥਾਂ-ਥਾਂ ਲੰਗਰ ਲਗਾਏ ਜਾ ਰਹੇ ਹਨ ਉੱਥੇ ਹੀ ਨੰਗਲ ਵਿਖੇ ਸਥਿਤ ਕੋਹਲੀ ਮੱਛੀ ਵਾਲਿਆਂ ਵੱਲੋਂ ਮਜ਼ਦੂਰ ਵਰਗ ਦੀ ਸਹੂਲਤ ਦੇ ਲਈ ਉਨ੍ਹਾਂ ਦੀ ਖੁਰਾਕ ਦੀ ਪੂਰਤੀ ਦੇ ਲਈ ਮੱਛੀ ਵੰਡੀ ਗਈ।
ਪ੍ਰਸ਼ਾਸਨ ਤੋਂ ਆਗਿਆ ਲੈਣ ਉਪਰੰਤ ਇਹ ਮੱਛੀ ਵੰਡਣ ਦੀ ਸ਼ੁਰੂਆਤ ਕੋਹਲੀ ਫਿਸ਼ ਵਾਲਿਆਂ ਵੱਲੋਂ ਨੰਗਲ ਵਿਖੇ ਮਜ਼ਦੂਰਾਂ ਦੇ ਕੋਲ ਜਾ ਕੇ ਕੀਤੀ ਗਈ ਅਤੇ ਹਰ ਪਰਿਵਾਰ ਨੂੰ ਇੱਕ-ਇੱਕ ਮੱਛੀ ਮੁਹੱਈਆ ਕਰਵਾਈ ਗਈ ਤਾਂ ਜੋ ਉਹ ਘੱਟ ਤੋਂ ਘੱਟ ਦੋ ਡੰਗ ਦਾ ਗੁਜ਼ਾਰਾ ਕਰ ਸਕਣ।
ਕੋਹਲੀ ਮੱਛੀ ਵਾਲਿਆਂ ਦਾ ਕਹਿਣਾ ਹੈ ਕਿ ਉਹ ਭਾਖੜਾ ਤੋਂ ਮੱਛੀ ਲੈ ਕੇ ਆਉਂਦੇ ਹਨ ਅਤੇ ਉਸ ਦਾ ਠੇਕਾ ਉਨ੍ਹਾਂ ਦੇ ਕੋਲ ਹੈ ਪਰ ਅਜਿਹੇ ਸਮੇਂ ਦੌਰਾਨ ਜਿੱਥੇ ਸਾਰਾ ਦੇਸ਼ ਕੋਰੋਨਾ ਖਿਲਾਫ ਲੜਾਈ ਲੜ ਰਿਹਾ ਹੈ ਇਸੇ ਵਿੱਚ ਅਸੀਂ ਮਜ਼ਦੂਰਾਂ ਨੂੰ ਮੱਛੀ ਵੇਚਣ ਦੀ ਥਾਂ ਤੇ ਵੰਡਣ ਨੂੰ ਤਰਜੀਹ ਦਿੱਤੀ ਹੈ ਤਾਂ ਜੋ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ।