ਰਜਨੀਸ਼ ਸਰੀਨ
ਨਵਾਂਸ਼ਹਿਰ, 29 ਮਾਰਚ 2020 - ਐਮ ਐਲ ਏ ਅੰਗਦ ਸਿੰਘ ਨੇ ਅੱਜ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਸੇਵੀ ਸੰਸਥਾਂਵਾਂ ਤੇ ਲੋਕਾਂ ਦੀ ਮਦਦ ਨਾਲ ਡਾ. ਆਸਾਨੰਦ ਆਰੀਆ ਸਕੂਲ ਵਿਖੇ ਅਤੇ ਸਨੇਹੀ ਮੰਦਰ ਕਮੇਟੀ ਵੱਲੋਂ ਮੰਦਰ ਵਿਖੇ ਲੋੜਵੰਦ ਲੋਕਾਂ ਲਈ ਤਿਆਰ ਕੀਤੇ ਜਾ ਰਹੇ ਲੰਗਰ ਅਤੇ ਰਾਸ਼ਨ ਲਈ ਇੱਕ-ਇੱਕ ਲੱਖ ਰੁਪਏ ਦਾ ਯੋਗਦਾਨ ਪਾਇਆ।
ਉਨ੍ਹਾਂ ਆਖਿਆ ਕਿ ਕੋਰੋਨਾ ਵਾਇਰਸ ਨਾਲ ਇੱਕ ਪਾਸੇ ਜਿੱਥੇ ਸਾਰਾ ਮੁਲਕ ਲੜ ਰਿਹਾ ਹੈ ਉੱਥੇ ਨਵਾਂਸ਼ਹਿਰ ਜ਼ਿਲ੍ਹੇ ਦੇ ਲੋਕਾਂ ਦੀ ਲੜਾਈ ਬਹੁਤ ਹੀ ਅਹਿਮ ਦੌਰ ’ਚ ਦਾਖਲ ਹੋ ਗਈ ਹੈ। ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਲਾਏ ਗਏ ਕਰਫ਼ਿਊ ਦੌਰਾਨ ਉਨ੍ਹਾਂ ਲਈ ਲੋੜੀਂਦੀਆਂ ਜ਼ਰੂਰੀ ਵਸਤਾਂ ਅਤੇ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਦਾ ਬੰਦੋਬਸਤ ਕਰਨਾ ਸਭ ਤੋਂ ਵੱਡੀ ਚਣੌਤੀ ਬਣੀ ਹੋਈ ਹੈ, ਜਿਸ ਨੂੰ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਸਵੈ-ਸੇਵੀ ਜਥੇਬੰਦੀਆਂ ਦੇ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਨੂੰ ਹੀ ਸਰ ਕੀਤਾ ਜਾ ਸਕਦਾ ਹੈ।
ਵਿਧਾਇਕ ਅੰਗਦ ਸਿੰਘ ਅਨੁਸਾਰ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਦੁੱਖ ਦੀ ਘੜੀ ’ਚ ਪੂਰੀ ਤਰ੍ਹਾਂ ਖੜ੍ਹੇ ਹਨ ਅਤੇ ਉਨ੍ਹਾਂ ਦੀ ਬੇਹਤਰੀ ਲਈ ਹਰ ਤਰ੍ਹਾਂ ਨਾਲ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਨ ਤਾਂ ਜੋ ਲੋਕਾਂ ’ਚ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।