ਅਸ਼ੋਕ ਵਰਮਾ
ਬਠਿੰਡਾ, 29 ਮਾਰਚ 2020 - ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਕੀਤੀ ਪਹਿਲਕਦਮੀ ਤੇ ਪਹਿਰਾ ਦਿੰਦਿਆਂ ਜਾਗਰੂਕਤਾ ਮੁਹਿੰਮ ਲਈ ਬਠਿੰਡਾ ਜਿਲ੍ਹੇ ਦੇ ਅਧਿਆਪਕ ਅੱਗੇ ਆਏ ਹਨ। ਸਕੂਲੀ ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਅਧਿਆਪਕਾਂ ਨੇ ਫੋਨ ਨੂੰ ਹਥਿਆਰ ਬਣਾ ਲਿਆ ਹੈ। ਇਸ ਤੋਂ ਪਹਿਲਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇੱਕ ਆਡੀਓ ਜਾਰੀ ਕੀਤੀ ਹੈ ਜਿਸ ’ਚ ਅਧਿਆਪਕਾਂ ਨੂੰ ਟਿਪਸ ਦਿੱਤੇ ਹਨ। ਸਿੱਖਿਆ ਸਕੱਤਰ ਨੇ ਨਾਲ ਫੋਨ ਤੇ ਗੱਲਬਾਤ ਕਰਕੇ ਵਿਸ਼ਵ-ਵਿਆਪੀ ਗੰਭੀਰ ਸੰਕਟ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਉਤਸ਼ਾਹਿਤ ਵੀ ਕੀਤਾ ਹੈ। ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਪੰਜਾਬ ਭਰ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਆਪਣੀ ਸਵੈ-ਇੱਛਾ ਤਹਿਤ ਯੋਗਦਾਨ ਪਾਉਣ ਲਈ ਬੈਂਕ ਖਾਤਾ ਵੀ ਜਾਰੀ ਕੀਤਾ ਹੈ ਜਿਸ ਵਿੱਚ ਪਹਿਲੇ ਹੀ ਦਿਨ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਇੱਕ ਲੱਖ ਤੋਂ ਵੱਧ ਰਕਮ ਜਮਾਂ ਹੋ ਗਈ ਹੈ।
ਸਿੱਖਿਆ ਸਕੱਤਰ ਨੇ ਅੱਜ ਜ਼ਿਲਾ ਬਠਿੰਡਾ ਦੇ ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਵੀ ਸਿੱਖਿਆ ਅਧਿਕਾਰੀਆਂ, ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ ਨਾਲ ਸਿੱਧਾ ਫੋਨ ਅਤੇ ਵਟਸ ਗਰੁੱਪਾਂ ਤੇ ਸਭਨਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਜਾਗਰੂਕ ਕਰਨਗੇ ਤਾਂ ਕਿ ਦੁਨੀਆਂ ਭਰ ਵਿੱਚ ਫੈਲ ਰਹੀ ਇਸ ਮਹਾਂਮਾਰੀ ਤੋਂ ਬਚਣ ਲਈ ਸਿੱਖਿਆ ਵਿਭਾਗ ਵੀ ਆਪਣਾ ਯੋਗਦਾਨ ਪਾ ਸਕੇ।
ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਪ੍ਰਾਇਮਰੀ ) ਹਰਦੀਪ ਸਿੰਘ ਤੱਗੜ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਬਲਜੀਤ ਸਿੰਘ ਸੰਦੋਹਾ, ਸ਼ਿਵ ਪਾਲ ਗੋਇਲ, ਸ੍ਰੀਮਤੀ ਭੁਪਿੰਦਰ ਕੌਰ ਅਤੇ ਇਕਬਾਲ ਸਿੰਘ ਬੁੱਟਰ ਨੇ ਦੱਸਿਆ ਕਿ ਕਰੋਨਾ ਵਾਇਰਸ ਵਿਰੁੱਧ ਬੱਚਿਆਂ ਅਤੇ ਮਾਪਿਆਂ ਨੂੰ ਸਿਹਤ ਵਿਭਾਗ ਦੀਆਂ ਅਹਿਮ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਨ ਲਈ ਫੋਨ ਤੇ ਰਾਬਤਾ ਕੀਤਾ ਜਾ ਰਿਹਾ ਹੈ। ਸਿੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਧਿਆਪਕ ਵਿਦਿਆਰਥੀਆਂ ਨੂੰ ਨਾਲ-ਨਾਲ ਪੜਾਈ ਪ੍ਰਤੀ ਵੀ ਉਤਸ਼ਾਹਿਤ ਕਰਨ ਦਾ ਵੀ ਕਾਰਜ ਕਰ ਰਹੇ ਹਨ ਤਾਂ ਕਿ ਉਹ ਘਰਾਂ ਵਿੱਚੋਂ ਨਿਕਲਣ ਦੀ ਥਾਂ ਪੜਾਈ ਵਿੱਚ ਮਗਨ ਹੋ ਸਕਣ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕਰੋਨਾ ਪੀੜਤ ਲੋਕਾਂ ਲਈ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਆਪਣਾ ਸਵੈ ਇੱਛਾ ਨਾਲ ਯੋਗਦਾਨ ਪਾਉਣ ਲਈ ਜੋ ਸਿੱਖਿਆ ਵਿਭਾਗ ਵੱਲੋਂ ਆਪਣਾ ਇੰਡਸਲੈਂਡ ਬੈਂਕ ਦਾ ਖਾਤਾ ਨੰਬਰ 100074135438, ਜਾਰੀ ਕੀਤਾ ਹੈ, ਜਿਸ ਵਿੱਚ ਸਿੱਖਿਆ ਅਧਿਕਾਰੀ, ਅਧਿਆਪਕ ਅਤੇ ਹੋਰ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀ ਆਪਣਾ ਯੋਗਦਾਨ ਪਾ ਸਕਦੇ ਹਨ।
ਡੀ.ਐਸ.ਐਮ.ਮਹਿੰਦਰਪਾਲ ਸਿੰਘ,ਪੜੋ ਪੰਜਾਬ ਦੇ ਜ਼ਿਲਾ ਕੋਆਰਡੀਨੇਟਰ ਰਣਜੀਤ ਸਿੰਘ ਮਾਨ ਅਤੇ ਨਿਰਭੈ ਸਿੰਘ ਭੁੱਲਰ ਜ਼ਿਲਾ ਕੋਆਰਡੀਨੇਟਰ ਸਮਾਰਟ ਸਕੂਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਤਰਾਂ ਹਰ ਵਿਭਾਗ ਨੂੰ ਪੂਰੇ ਪੰਜਾਬ ਅਤੇ ਦੇਸ਼ ਅੰਦਰ ਜਾਗਰੂਕ ਮੁਹਿੰਮ ਵਿੱਢਣ ਦੀ ਲੋੜ ਹੈ ਤਾਂ ਜੋ ਕਰੋਨਾ ਦੀ ਵੱਡੀ ਆਫਤ ਤੋਂ ਜਲਦੀ ਹੀ ਛੁਟਕਾਰਾ ਪਾਇਆ ਜਾ ਸਕੇ। ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਪਿ੍ਰੰਟ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਕਪਿਲ ਕੁਮਾਰ ਐਸ.ਐਸ.ਮਾਸਟਰ ਦਾਨ ਸਿੰਘ ਵਾਲਾ, ਮਿਸ. ਤਾਨੀਆ ਸਿੰਘ ਅੰਗਰੇਜ਼ੀ ਮਿਸਟਰੈਸ ਅਬਲੂ, ਹਰਜਿੰਦਰ ਕੌਰ ਈ.ਟੀ.ਟੀ.ਟੀਚਰ ਭੂੰਦੜ, ਬੂਟਾ ਸਿੰਘ ਹੈੱਡ ਟੀਚਰ ਭਾਗੀਵਾਂਦਰ, ਵੀਰਪਾਲ ਕੌਰ ਹੈੱਡ ਟੀਚਰ ਜੋਗਾਨੰਦ, ਅਸੀਮ ਮਿੱਡਾ ਈ.ਟੀ.ਟੀ. ਟੀਚਰ ਪੱਕਾ ਕਲਾਂ ਬ੍ਰਾਂਚ ਅਤੇ ਮਨਦੀਪ ਸਿੰਘ ਈ.ਟੀ.ਟੀ.ਟੀਚਰ ਮੰਡੀ ਕਲਾਂ ਆਦਿ ਅਧਿਆਪਕ ਫੋਨ ਕਰਕੇ ਆਪਣੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਾਗਰੂਕ ਕਰ ਰਹੇ ਹਨ।