ਧੰਨ ਗੁਰੂ ਰਾਮ ਦਾਸ ਜੀ ਸਾਹਿਬ ਲੰਗਰ ਸੇਵਾ ਸੋਸਾਇਟੀ ਨੂੰ ਕੈਬਨਿਟ ਮੰਤਰੀ ਨੇ ਨਿੱਜੀ ਤੌਰ 'ਤੇ ਦਿੱਤਾ 12 ਲੱਖ 2 ਹਜ਼ਾਰ ਰੁਪਏ ਦਾ ਯੋਗਦਾਨ
ਕਿਹਾ, ਜ਼ਿਲੇ ਦਾ ਕੋਈ ਵੀ ਜ਼ਰੂਰਤਮੰਦ ਵਿਅਕਤੀ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ
ਹੁਸ਼ਿਆਰਪੁਰ, 30 ਮਾਰਚ 2020: ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲੇ ਵਿੱਚ ਲਗਾਏ ਗਏ ਕਰਫ਼ਿਊ ਦੌਰਾਨ ਉਦਯੋਗ ਤੇ ਵਣਜ ਮੰਤਰੀ ਅਤੇ ਸਥਾਨਕ ਵਿਧਾਇਕ ਸ਼੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਹਰ ਜ਼ਰੂਰਤਮੰਦ ਵਿਅਕਤੀ ਦਾ ਪੇਟ ਭਰਿਆ ਜਾ ਸਕੇ। ਸ਼੍ਰੀ ਅਰੋੜਾ ਵਲੋਂ ਜ਼ਰੂਰਤਮੰਦ ਲੋਕਾਂ ਲਈ ਲੰਗਰ ਤਿਆਰ ਕਰਨ ਵਾਲੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਰੋਜ਼ਾਨਾ 50 ਹਜ਼ਾਰ ਲੋਕਾਂ ਤੱਕ ਭੋਜਨ ਪਹੁੰਚਾਇਆ ਜਾ ਰਿਹਾ ਹੈ। ਇਸ ਸਬੰਧੀ ਕੈਬਨਿਟ ਮੰਤਰੀ ਵਲੋਂ ਨਿੱਜੀ ਤੌਰ 'ਤੇ 12 ਲੱਖ 2 ਹਜ਼ਾਰ ਰੁਪਏ ਜ਼ਿਲੇ ਦੀ ਸਭ ਤੋਂ ਵੱਡੀ ਕਮਿਊਨਿਟੀ ਕਿਚਨ ਧੰਨ ਗੁਰੂ ਰਾਮ ਦਾਸ ਜੀ ਸਾਹਿਬ ਲੰਗਰ ਸੇਵਾ ਸੋਸਾਇਟੀ, ਪੁਰਹੀਰਾਂ ਨੂੰ ਜ਼ਰੂਰਤਮੰਦ ਵਿਅਕਤੀਆਂ ਤੱਕ ਨਿਰੰਤਰ ਭੋਜਨ ਪਹੁੰਚਾਉਣ ਲਈ ਦਿੱਤੇ ਹਨ। ਅੱਜ ਸ੍ਰੀ ਅਰੋੜਾ ਨੇ ਲੰਗਰ ਸੇਵਾ ਸੋਸਾਇਟੀ, ਪੁਰਹੀਰਾਂ ਨੂੰ 11 ਲੱਖ 1 ਹਜ਼ਾਰ ਰੁਪਏ ਸੌਂਪੇ ਅਤੇ ਬੀਤੇ ਦਿਨ 1 ਲੱਖ 1 ਹਜ਼ਾਰ ਰੁਪਏ ਸੌਂਪੇ ਸਨ।
ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਕਿਸੇ ਵੀ ਜ਼ਰੂਰਤਮੰਦ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ਅਤੇ ਹਰ ਜ਼ਰੂਰਤਮੰਦ ਤੱਕ ਭੋਜਨ ਪਹੁੰਚਾਇਆ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸੇ ਵਚਨਬੱਧਤਾ ਸਦਕਾ ਜ਼ਰੂਰਤਮੰਦਾਂ ਦੀ ਬਾਂਹ ਫੜੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਨਾਜ਼ੁਕ ਘੜੀ ਵਿੱਚ ਪੰਜਾਬ ਸਰਕਾਰ ਜਨਤਾ ਦੇ ਨਾਲ ਹੈ ਅਤੇ ਜਨਤਾ ਨੂੰ ਉਨਾਂ ਦੇ ਘਰਾਂ ਵਿੱਚ ਹੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਐਨ.ਆਰ.ਆਈ ਸ਼੍ਰੀ ਮਨਜੀਤ ਸਿਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਦੇ ਸਹਿਯੋਗ ਸਦਕਾ ਧੰਨ ਗੁਰੂ ਰਾਮ ਦਾਸ ਜੀ ਸਾਹਿਬ ਲੰਗਰ ਸੇਵਾ ਸੋਸਾਇਟੀ ਜ਼ਰੂਰਤਮੰਦਾਂ ਦਾ ਪੇਟ ਭਰ ਰਹੀ ਹੈ। ਉਨਾਂ ਕਿਹਾ ਕਿ ਸ਼੍ਰੀ ਮਨਜੀਤ ਸਿੰਘ ਉਨਾਂ ਦੇ ਪਰਮ ਮਿੱਤਰ ਹਨ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਜ਼ਰੂਰਤਮੰਦਾਂ ਦਾ ਸਾਥ ਦੇ ਰਹੇ ਹਨ। ਇਸ ਮੌਕੇ ਲੰਗਰ ਸੇਵਾ ਸੋਸਾਇਟੀ ਵਲੋਂ ਸ੍ਰੀ ਗੁਰਲਿਆਕਤ ਸਿੰਘ, 'ਦਿ ਵੁੱਡ ਵੈਲਫੇਅਰ ਐਸੋਸੀਏਸ਼ਨ' ਹੁਸ਼ਿਆਰਪੁਰ ਦੇ ਚੇਅਰਮੈਨ ਸ਼੍ਰੀ ਸੁਨੀਲ ਗਾਂਧੀ, ਆਲ ਇੰਡੀਆ ਪਲਾਈਵੁੱਡ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ ਨਰੇਸ਼ ਤਿਵਾੜੀ, ਪੀਲਿੰਗ ਐਸੋਸੀਏਸ਼ਨ ਦੇ ਮੈਂਬਰ ਸ਼੍ਰੀ ਖੁਰਸ਼ੀਦ ਅਹਿਮਦ, ਨੰਬਰਦਾਰ ਸ਼੍ਰੀ ਗੁਰਮੀਤ ਸਿੱਧੂ ਅਤੇ ਸ਼੍ਰੀ ਵਿਪਨ ਗੁਪਤਾ ਵੀ ਹਾਜ਼ਰ ਸਨ।