ਬੀਜ, ਖਾਦ ਅਤੇ ਕੀਟਨਾਸ਼ਕ ਦੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਤਰਤੀਬਵਾਰ ਖੁੱਲ੍ਹਣਗੀਆਂ
ਅਸ਼ੋਕ ਵਰਮਾ
ਮਾਨਸਾ, 30 ਮਾਰਚ 2020 : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਕੋਰੋਨਾ ਵਾਇਰਸ ਦੇ ਬਚਾਅ ਲਈ ਲਗਾਏ ਗਏ ਕਰਫਿਊ ਦੌਰਾਨ ਕਿਸਾਨਾਂ ਲਈ ਵਿਸ਼ੇਸ਼ ਛੋਟ ਦਿੰਦਿਆਂ ਕਣਕ ਦੀ ਫਸਲ ਦੀ ਕਟਾਈ ਅਤੇ ਵੱਖ-ਵੱਖ ਖੇਤੀ ਕਾਰਜਾਂ ਲਈ ਖੇਤ ਮਜ਼ਦੂਰਾਂ ਸਮੇਤ ਖੇਤਾਂ ਵਿਚ ਆਉਣ ਜਾਣ ਲਈ ਜਾਣ ਦਾ ਸਮਾਂ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਖੇਤਾਂ ਤੋਂ ਵਾਪਸ ਆਉਣ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਰੱਖ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਹਦਾਇਤ ਦਿੰਦਿਆਂ ਦੱਸਿਆ ਕਿ ਕਿਸਾਨ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਆਪਣੇ ਖੇਤਾਂ ਵਿਚ ਹੀ ਰਹਿਣਗੇ ਅਤੇ ਆਪਣੀ ਖੇਤੀ ਨਾਲ ਸਬੰਧਤ ਕਾਰਜ ਕਰਨਗੇ। ਉਨ੍ਹਾਂ ਨੂੰ ਕਿਸੇ ਹੋਰ ਗਤੀਵਿਧੀ ਜਾਂ ਆਵਾਜਾਈ ਦੀ ਆਗਿਆ ਨਹੀਂ ਹੋਵੇਗੀ।
ਉਨ੍ਹਾਂ ਕਿਸਾਨਾਂ ਨੂੰ ਫਸਲ ਦੀ ਕਟਾਈ, ਬਿਜਾਈ, ਢੋਆ ਢੁਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਜਿਵੇਂ ਕਿ ਟਰੈਕਟਰ, ਟਰਾਲੀ, ਕੰਬਾਇਨ ਆਦਿ ਦੀ ਆਵਾਜਾਈ ਲਈ ਮੁਕੰਮਲ ਛੋਟ ਦਿੱਤੀ ਹੈ। ਇਸ ਦੇ ਨਾਲ ਹੀ ਖੇਤੀ ਮਸ਼ੀਨਰੀ ਦੀ ਰਿਪੇਅਰ ਅਤੇ ਸਪੇਅਰ ਪਾਰਟਸ ਆਦਿ ਨਾਲ ਸਬੰਧਤ ਦੁਕਾਨਾਂ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਤਿੰਨ ਘੰਟੇ ਲਈ ਖੁੱਲ੍ਹੀਆਂ ਰਹਿਣਗੀਆਂ।
ਇਸ ਤੋਂ ਇਲਾਵਾ ਬੀਜ, ਖਾਦ ਅਤੇ ਕੀਟਨਾਸ਼ਕ ਦੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 4 ਘੰਟੇ ਲਈ ਖੋਲਣ ਲਈ ਛੋਟ ਦਿੱਤੀ ਗਈ ਹੈ। ਦੁਕਾਨਾਂ ਖੋਲ੍ਹਣ ਲਈ ਤਰਤੀਬ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਵੱਲੋਂ ਬਣਾਈ ਜਾਵੇਗੀ। ਗ੍ਰਾਹਕਾਂ ਨੂੰ ਸਪਲਾਈ ਲਈ ਹਰੇਕ ਦੁਕਾਨਦਾਰ ਵੱਲੋਂ ਹੋਮ ਡਲਿਵਰੀ ਯਕੀਨੀ ਬਣਾਈ ਜਾਵੇਗੀ।
ਉਪਰੋਕਤ ਦਰਸਾਏ ਕੰਮਾਂ ਲਈ ਸਬੰਧਤ ਨੂੰ ਅਤੇ ਸਬੰਧਤ ਕੰਮਾਂ ਲਈ ਕਰਫਿਊ/ਸ਼ੱਟਡਾਊਨ/ਲਾਕਡਾਊਨ ਪਾਸ ਜਾਰੀ ਕਰਨ ਦੇ ਅਧਿਕਾਰ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਨੂੰ ਦਿੱਤੇ ਗਏ ਹਨ।