ਸੰਜੀਵ ਸੂਦ
- ਮੁਕੰਮਲ ਲੋਕ ਡਾਊਨ ਦਾ ਕੀਤਾ ਸਮਰਥਨ..
ਲੁਧਿਆਣਾ, 31 ਮਾਰਚ 2020 - ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਲੁਧਿਆਣਾ ਦੇ ਵਿੱਚ ਇੰਡਸਟਰੀ ਸ਼ੁਰੂ ਕਰਨ ਦੇ ਨੋਟੀਫਿਕੇਸ਼ਨ ਦਾ ਲਗਾਤਾਰ ਸਨਅਤਕਾਰ ਵਿਰੋਧ ਕਰ ਰਹੇ ਨੇ ਅਤੇ ਲੁਧਿਆਣਾ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮਹਿਰਾ ਅਤੇ ਸਾਈਕਲ ਪਾਰਟ ਮੈਨੂਫੈਕਚਰਰ ਪਰਮਵੀਰ ਭੋਗਲ ਨੇ ਵੀ ਸਰਕਾਰ ਦੇ ਇਸ ਫ਼ੈਸਲੇ ਨੂੰ ਮੰਨਣ ਤੋਂ ਕੋਰੀ ਨਾ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਨੇ ਜਲਦਬਾਜ਼ੀ 'ਚ ਲਿਆ ਹੈ ਜਦੋਂ ਕਿ ਫੈਕਟਰੀਆ ਲੇਬਰ ਨੂੰ ਸਾਂਭਣ ਉਨ੍ਹਾਂ ਦਾ ਖਰਚਾ ਪਾਣੀ ਅਤੇ ਰਾਸ਼ਨ ਦਾ ਪ੍ਰਬੰਧ ਕਰਨ ਲਈ ਅਸਮਰੱਥ ਹਨ।
ਵਪਾਰ ਮੰਡਲ ਦੇ ਸੁਨੀਲ ਮਹਿਰਾ ਨੇ ਕਿਹਾ ਹੈ ਕਿ ਇੱਕ ਪਾਸੇ ਦਾ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਸਾਰੀ ਸਨਅਤ ਸਰਕਾਰ ਦਾ ਸਾਥ ਦੇ ਰਹੀ ਹੈ ਉੱਥੇ ਹੀ ਸਰਕਾਰ ਹੁਣ ਖ਼ੁਦ ਹੀ ਸਨਅਤਕਾਰਾਂ ਨੂੰ ਦੁਵਿਧਾ ਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ਕਿਸੇ ਵੀ ਹਾਲਤ 'ਚ ਨਹੀਂ ਚੱਲ ਸਕਦੀਆਂ। ਕਿਉਂਕਿ ਉਹਨਾਂ ਕੋਲ ਸਾਧਨ ਨਹੀਂ ਕਿ ਉਹ ਇਹ ਸਾਰਾ ਕੁਝ ਮੈਨੇਜ ਕਰ ਸਕਣ। ਮਹਿਰਾ ਨੇ ਕਿਹਾ ਕਿ ਕੱਚਾ ਮਾਲ ਕਿਵੇਂ ਆਵੇਗਾ ਅਤੇ ਕਿਵੇਂ ਉਨ੍ਹਾਂ ਦਾ ਬਣਾਇਆ ਮਾਲ ਸਪਲਾਈ ਹੋਵੇਗਾ ਇਹ ਵੀ ਵੱਡਾ ਸਵਾਲ ਹੈ।
ਉੱਧਰ ਦੂਜੇ ਪਾਸੇ ਸਾਈਕਲ ਪਾਰਟਸ ਮੈਨੂਫੈਕਟਰਜ਼ ਪਰਮਵੀਰ ਸਿੰਘ ਭੋਗਲ ਨੇ ਕਿਹਾ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਕੇਂਦਰ ਸਰਕਾਰ ਲਾਕਡਾਊਨ ਦੀ ਗੱਲ ਕਹਿ ਰਹੀ ਹੈ ਜਦੋਂ ਕਿ ਸੂਬਾ ਸਰਕਾਰ ਫੈਕਟਰੀਆਂ ਚਲਾਉਣ ਦੀ, ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਹਾਲਤ 'ਚ ਸੰਭਵ ਨਹੀਂ ਤੇ ਉਹ ਵੱਡੀ ਤਦਾਦ 'ਚ ਲੇਬਰ ਨੂੰ ਫੈਕਟਰੀਆਂ 'ਚ ਰੱਖ ਸਕਣ ਅਤੇ ਉਨ੍ਹਾਂ ਦਾ ਖਰਚਾ ਪਾਣੀ ਵੀ ਕਰ ਸਕਣ। ਉਨ੍ਹਾਂ ਕਿਹਾ ਕਿ ਸਿਰਫ਼ ਲੇਬਰ ਹੀ ਨਹੀਂ ਸਗੋਂ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਹੈ ਇਸ ਕਰਕੇ ਅਜਿਹੀ ਬੀਮਾਰੀ 'ਚ ਉਨ੍ਹਾਂ ਸਾਰਿਆਂ ਲਈ ਪ੍ਰਬੰਧ ਕਰਨੇ ਕਾਫੀ ਮੁਸ਼ਕਿਲ ਹੋਣਗੇ।
ਸੋ ਇੱਕ ਪਾਸੇ ਜਿੱਥੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਫੈਕਟਰੀ ਚਲਾਉਣ ਦਾ ਫੈਸਲਾ ਲਿਆ ਗਿਆ ਹੈ ਉੱਥੇ ਹੀ ਲੁਧਿਆਣਾ ਦੇ ਸਨਅਤਕਾਰਾਂ ਨੇ ਮੁਕੰਮਲ ਤੌਰ 'ਤੇ ਸਰਕਾਰ ਦੇ ਇਸ ਫੈਸਲੇ ਨੂੰ ਨਕਾਰ ਦਿੱਤਾ ਹੈ ਅਤੇ ਫੈਕਟਰੀਆਂ ਨੂੰ ਲਾਕ ਡਾਊਨ ਦੌਰਾਨ ਮੁਕੰਮਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।