ਅਸ਼ੋਕ ਵਰਮਾ
ਮਾਨਸਾ, 31 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਊਂਪਲਸ ਸੜਕਾਂ ਤੇ ਜਨਰੇਟਰ ਚਲਾਉਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵਿਚ ਆਮ ਤੌਰ ਤੇ ਜਨਰੇਟਰ ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਾ ਰਹੀ ਹੈ।
ਜਨਰੇਟਰਾਂ ਨੂੰ ਆਮ ਤੌਰ ਤੇ ਮਿਊਂਸਪਲ ਕਮੇਟੀ ਦੀਆਂ ਸੜਕਾਂ ਉੱਪਰ ਰੱਖਿਆ ਜਾਂਦਾ ਹੈ। ਜਨਰੇਟਰਾਂ ਦੇ ਆਵਾਜ਼ੀ ਪ੍ਰਦੂਸ਼ਣ ਅਤੇ ਧੂੰਏਂ ਦੇ ਫਲਸਰੂਪ ਬਿਰਧਾਂ, ਬੀਮਾਰ ਵਿਅਕਤੀਆਂ, ਪੜ੍ਹਨ ਵਾਲੇ ਬੱਚਿਆਂ ਅਤੇ ਆਮ ਜਨਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ਸ਼ੋਰ ਨਾਲ ਸ਼ਹਿਰਾਂ, ਕਸਬਿਆਂ ਦਾ ਵਾਤਾਵਰਣ ਖਰਾਬ ਹੋਣ ਦੇ ਨਾਲ ਅਮਨ-ਅਮਾਨ ਭੰਗ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿਚ ਜਨਰੇਟਰ ਘਰ ਦੀ ਚਾਰ ਦੀਵਾਰੀ ਦੇ ਅੰਦਰ ਰੱਖੇ ਜਾਣ ਅਤੇ ਧੂੰਏਂ ਵਾਲੀ ਪਾਇਪ 7 ਫੁੱਟ ਲੰਬੀ ਉੱਪਰ ਵੱਲ ਨੂੰ ਹੋਣੀ ਚਾਹੀਦੀ ਹੈ। ਉਲੰਘਣਾਂ ਕਰਨ ਵਾਲੇ ਖਿਲਾਫ ਪੰਜਾਬ ਇੰਸਟਰੂਮੈਂਟ ਕੰਟਰੋਲ ਆਫ ਨੁਆਇਜ਼ ਐਕਟ 1956 ਅਧੀਨ ਕਾਰਵਾਈ ਕੀਤੀ ਜਾਵੇਗੀ।
ਇਹ ਹੁਕਮ 1 ਅਪ੍ਰੈਲ 2020 ਤੋਂ 31 ਮਈ 2020 ਤੱਕ ਲਾਗੂ ਰਹਿਣਗੇ।