ਰਜਨੀਸ਼ ਸਰੀਨ
- ਪਹਿਲੇ ਪੜਾਅ ’ਚ ਹੰਗਾਮੀ ਲੋੜ ਲਈ 35 ਡਾਕਟਰਾਂ ਦੀ ਸੂਚੀ ਸੌਂਪੀ
- ਡਿਪਟੀ ਕਮਿਸ਼ਨਰ ਵੱਲੋਂ ਆਈ ਐਮ ਏ ਡਾਕਟਰਾਂ ਨੂੰ ਆਪੋ-ਆਪਣੇ ਹਸਪਤਾਲਾਂ ’ਚ ਓ ਪੀ ਡੀ ਜਾਰੀ ਰੱਖਣ ਦੀ ਅਪੀਲ
ਨਵਾਂਸ਼ਹਿਰ, 31 ਮਾਰਚ 2020 - ਇੰਡੀਅਨ ਮੈਡੀਕਲ ਐਸੋਸੀਏਸ਼ਨ ਨਵਾਂਸ਼ਹਿਰ ਨੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਪ੍ਰੇਰਨਾ ਤੋਂ ਬਾਅਦ ਕੋਵਿਡ-19 ਦੌਰਾਨ ਜ਼ਿਲ੍ਹੇ ’ਚ ਬਣੀ ਸਥਿਤੀ ਲਈ ਆਪਣੀਆ ਸੇਵਾਵਾਂ ਦੇਣ ਦੀ ਪੇਸ਼ਕਸ਼ ਕਰਦਿਆਂ ਪਹਿਲੇ ਪੜਾਅ ਲਈ 25 ਡਾਕਟਰਾਂ ਦੀ ਸੂਚੀ ਸੌਂਪੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਆਈ ਐਮ ਏ ਦੇ ਮੈਂਬਰਾਂ ਜਿਨ੍ਹਾਂ ’ਚ ਡਾ. ਪਰਮਜੀਤ ਮਾਨ, ਡਾ. ਜਗਮੋਹਨ ਪੁਰੀ, ਡਾ. ਅਮਰਿੰਦਰ ਸਿੰਘ ਅਤੇ ਡਾ. ਕੁਲਵਿੰਦਰ ਮਾਨ ਸ਼ਾਮਿਲ ਸਨ, ਦੇ ਵਫ਼ਦ ਨਾਲ ਮੀਟਿੰਗ ਦੌਰਾਨ ਜਿੱਥੇ ਉਨ੍ਹਾਂ ਪਾਸੋਂ ਅਗਲੇ ਦਿਨਾਂ ’ਚ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਬਣਨ ’ਤੇ ਮਰੀਜ਼ਾਂ ਦੀ ਸੇਵਾ ਲਈ ਆਪਣੀਆਂ ਸੇਵਾਵਾਂ ਦਿੱਤੇ ਜਾਣ ਦੀ ਮੰਗ ਰੱਖੀ ਸੀ, ਉੱਥੇ ਉਨ੍ਹਾਂ ਨੂੰ ਆਪੋ-ਆਪਣੇ ਨਰਸਿੰਗ ਹੋਮ/ਹਸਪਤਾਲਾਂ/ਕਲੀਨਿਕਾਂ ’ਚ ਓ ਪੀ ਡੀ ਵੀ ਜਾਰੀ ਰੱਖਣ ਦੀ ਅਪੀਲ ਕੀਤੀ ਸੀ। ਡਿਪਟੀ ਕਮਿਸ਼ਨਰ ਨੇ ਡਾਕਟਰਾਂ ਵੱਲੋਂ ਜਨਤਕ ਹਿੱਤ ਵਿੱਚ ਉਨ੍ਹਾਂ ਦੀਆਂ ਦੋਵੇਂ ਅਪੀਲਾਂ ਨੂੰ ਖਿੜੇ ਮੱਥੇ ਪ੍ਰਵਾਨਗੀ ਦੇਣ ’ਤੇ ਉਨ੍ਹਾਂ ਦੀ ਜਥੇਬੰਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਂ ਸੰਕਟਕਾਲੀਨ ਹੋਣ ਕਾਰਨ, ਮੈਡੀਕਲ ਪੇਸ਼ੇਵਰਾਂ ਦੇ ਸਭ ਤੋਂ ਵਧੇਰੇ ਯੋਗਦਾਨ ਦੀ ਮੰਗ ਕਰਦਾ ਹੈ।
ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਸਰਕਾਰੀ ਡਾਕਟਰਾਂ, ਰੂਰਲ ਮੈਡੀਕਲ ਅਫ਼ਸਰਾਂ ਅਤੇ ਆਯੂਸ਼ ਮੈਡੀਕਲ ਅਫ਼ਸਰਾਂ ਤੋਂ ਲੈ ਕੇ ਆਸ਼ਾ ਵਰਕਰਾਂ ਤੱਕ ਨੂੰ ਵੱਖ-ਵੱਖ ਟੀਮਾਂ ’ਚ ਜ਼ਿੰਮੇਂਵਾਰੀ ਸੌਂਪ ਕੇ ਫ਼ੀਲਡ ’ਚ ਲਾਇਆ ਹੋਇਆ ਹੈ। ਇਸ ਕਾਰਨ ਭਵਿੱਖ ’ਚ ਜੇਕਰ ਕੋਰੋਨਾ ਵਾਇਰਸ ਦਾ ਜ਼ਿਆਦਾ ਫੈਲਾਅ ਹੁੰਦਾ ਹੈ ਤਾਂ ਉਸ ਲਈ ਆਈ ਐਮ ਏ ਡਾਕਟਰਾਂ ਦੀ ਸੇਵਾਵਾਂ ਦੀ ਤੁਰੰਤ ਜ਼ਰੂਰਤ ਪਵੇਗੀ ਤਾਂ ਜੋ ਮਰੀਜ਼ਾਂ ਦੀ ਦੇਖਭਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਇਮ ਕੀਤੇ ਆਰਜ਼ੀ ਕੁਆਰਨਟਾਈਨ ਕੇਂਦਰਾਂ ’ਚ ਸੁਚੱਜੇ ਢੰਗ ਨਾਲ ਹੋ ਸਕੇ।
ਡਿਪਟੀ ਕਮਿਸ਼ਨਰ ਦੀ ਅਪੀਲ ਨੂੰ ਹਾਂ-ਪੱਖੀ ਹੁੰਗਾਰਾ ਦਿੰਦੇ ਹੋਏ ਆਈ ਐਮ ਏ ਅਹੁਦੇਦਾਰਾਂ ਵੱਲੋਂ ਤੁਰੰਤ ਆਪਣੇ 35 ਮੈਂਬਰਾਂ ਦੀ ਸੂਚੀ ਪਹਿਲੇ ਪੜਾਅ ’ਚ ਸੇਵਾ ਲਈ ਮੀਟਿੰਗ ’ਚ ਮੌਜੂਦ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ ਨੂੰ ਸੂਚੀਆਂ ਸੌਂਪ ਦਿੱਤੀਆਂ। ਇਸ ਤੋਂ ਇਲਾਵਾ ਆਈ ਐਮ ਏ ਦੇ ਡਾਕਟਰਾਂ ਨੇ ਪਠਲਾਵਾ ਅਤੇ ਆਲੇ ਦੁਆਲੇ ਦੇ ਸੀਲ ਕੀਤੇ ਪਿੰਡਾਂ ’ਚ ਆਪਣੇ ਸਪੈਸ਼ਲਿਸਟ ਡਾਕਟਰਾਂ ਦੀਅ ਸੇਵਾਵਾਂ ਦੇਣ ’ਤੇ ਵੀ ਸਹਿਮਤੀ ਪ੍ਰਗਟਾਈ।
ਮੀਟਿੰਗ ’ਚ ਸ਼ਾਮਿਲ ਏ ਡੀ ਸੀ (ਜ) ਅਦਿਤਿਆ ਉੱਪਲ ਨੇ ਆਈ ਐਮ ਏ ਵੱਲੋਂ ਇਸ ਮੁਸ਼ਕਿਲ ਦੇ ਸਮੇਂ ’ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਦੇ ਫ਼ੈਸਲੇ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਸਭ ਤੋਂ ਵੱਡੀ ਲੋਕ ਸੇਵਾ ਕਰਾਰ ਦਿੱਤਾ।