ਹਰਿੰਦਰ ਨਿੱਕਾ
ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਵੀ ਕੀਤੇ ਗਏ 18 ਮਾਮਲੇ ਦਰਜ: ਡਾ. ਸੰਦੀਪ ਗਰਗ
ਸੰਗਰੂਰ, 31 ਮਾਰਚ 2020 - ਸੀਨੀਅਰ ਕਪਤਾਨ ਪੁਲਿਸ ਸੰਗਰੂਰ ਡਾ: ਸੰਦੀਪ ਗਰਗ ਨੇ ਦੱਸਿਆ ਕਿ ਜ਼ਿਲਾ ਪੁਲਿਸ ਸੰਗਰੂਰ ਵੱਲੋ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਰਫਿਊ ਦੀ ਉਲੰਘਣਾ ਦੇ ਤਕਰੀਬਨ 130 ਮਾਮਲੇ ਦਰਜ ਕਰਕੇ 135 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਨਾਂ ਮਾਮਲਿਆਂ ਵਿੱਚੋਂ ਇਕਾਂਤਵਾਸ ਭੰਗ ਕਰਨ ਲਈ ਹੀ ਕਰੀਬ 18 ਮਾਮਲੇ ਦਰਜ ਕੀਤੇ ਗਏ ਹਨ ਅਤੇ ਕੁਝ ਹੋਰ ਮਾਮਲੇ ਸੋਸ਼ਲ ਮੀਡੀਆ ਰਾਹੀਂ ਫੇਕ ਵੀਡੀਓ ਅਤੇ ਫੇਕ ਆਡਿਓ ਕਲਿੱਪਾਂ ਵਾਇਰਲ ਕਰਨ ਵਾਲੇ ਲੋਕਾਂ ਵਿਰੁੱਧ ਅਫ਼ਵਾਹਾਂ ਫੈਲਾਉਣ ਲਈ ਦਰਜ ਕੀਤੇ ਗਏ ਹਨ।
ਡਾ. ਸੰਦੀਪ ਗਰਗ ਨੇ ਦੱਸਿਆ ਕਿ ਹਾਲ ਹੀ ਵਿਚ ਥਾਣਾ ਲੌਗੋਵਾਲ ਵਿਖੇ ਮੁੱਕਦਮਾ ਨੰਬਰ 41\2020 ਦਰਜ ਕੀਤਾ ਗਿਆ ਹੈ ਜਿਸ ਵਿਚ ਕਿਸੇ ਵਿਅਕਤੀ ਨੇ ਕਰੋਨਾ ਵਾਇਰਸ ਦੇ ਸਬੰਧ ਵਿਚ ਝੂਠੀ ਅਫ਼ਵਾਹ ਫੈਲਾਈ ਸੀ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਵੀ ਕੋਈ ਇਕਾਂਤਵਾਸ ਜਾਂ ਕਰਫਿਉ ਦੀ ਉਲੰਘਣਾ ਕਰੇਗਾ ਜਾਂ ਕਿਸੇ ਵੀ ਮਾਧਿਅਮ ਰਾਹੀਂ ਗੁੰਮਰਾਹਕੁਨ ਪ੍ਰਚਾਰ ਕਰੇਗਾ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਐਸ.ਐਸ.ਪੀ. ਨੇ ਦੱਸਿਆ ਕਿ ਭਲਕੇ ਮਿਤੀ 1 ਅਪ੍ਰੈਲ 2020 ਨੂੰ ਦੁਰਗਾ ਅਸ਼ਟਮੀ ਦੀ ਪੂਜਾ ਦੇ ਸਬੰਧ ਵਿਚ ਕੰਜਕਾਂ ਨੂੰ ਭੋਜਨ ਕਰਵਾਉਣ ਲਈ ਦਾਨ ਕਰਨ ਦੇ ਇੱਛੁਕ ਜ਼ਿਲਾ ਵਾਸੀ ਸਪੈਸ਼ਲ ਕੰਟਰੋਲ ਰੂਮ ਦੇ ਹੈਲਪ ਲਾਇਨ ਨੰਬਰਾਂ 91155-21024, 91155-21025, 91155-21026,91155-21027 ਅਤੇ 91155-21028 ਉੱਪਰ ਆਪਣੀ ਬੇਨਤੀ ਨੋਟ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਸੰਗਰੂਰ ਪੁਲਿਸ ਵੱਲੋਂ ਡੀ.ਐਸ.ਪੀ. ਸ੍ਰੀਮਤੀ ਬਿੰਦੂ ਬਾਲਾ ਦੀ ਅਗਵਾਈ ਵਿਚ ਲੇਡੀ ਪੁਲਿਸ ਦੀਆਂ ਵਿਸ਼ੇਸ਼ ਟੁਕੜੀਆਂ ਲਗਾਈਆਂ ਗਈਆਂ ਹਨ ਜੋ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਇਸ ਕੰਮ ਵਿਚ ਸਹਿਯੋਗ ਦੇਣਗੀਆਂ।
ਡਾ. ਸੰਦੀਪ ਗਰਗ ਨੇ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਨਜਿੱਠਣ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਇਲਾਕੇ ਦੀ ਨਾਕਾਬੰਦੀ ਕਰਨ ਤਾਂ ਜੋ ਬਾਹਰੀ ਲੋਕਾਂ ਨੂੰ ਇਸ ਵਾਇਰਸ ਤੋਂ ਮੁਕਤ ਇਲਾਕਿਆਂ ਵਿਚ ਬਾਹਰੀ ਵਿਅਕਤੀਆਂ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਕਰੋਨਾ ਵਾਇਰਸ ਇੱਕ-ਦੂਸਰੇ ਦੇ ਸੰਪਰਕ ਵਿਚ ਆਉਣ ਨਾਲ ਹੀ ਅੱਗੇ ਤੋਂ ਅੱਗੇ ਫੈਲ ਰਹੀ ਹੈ, ਇਸ ਲਈ ਆਪਣਾ ਅਤੇ ਆਪਣੇ ਬੱਚਿਆਂ ਦਾ ਇਸ ਬਿਮਾਰੀ ਤੋਂ ਬਚਾਅ ਕਰਨ ਲਈ ਪ੍ਰਸ਼ਾਸਨ ਦਾ ਸਾਥ ਦੇਣਾ ਹਰ ਇੱਕ ਨਾਗਰਿਕ ਦਾ ਫ਼ਰਜ਼ ਬਣਦਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲਾ ਪੁਲਿਸ ਸੰਗਰੂਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਪਬਲਿਕ ਦੀ ਸਹੂਲਤ ਲਈ 24 ਘੰਟੇ ਆਮ ਪਬਲਿਕ ਦੀ ਸੇਵਾ ’ਚ ਹਾਜ਼ਰ ਹੈ ਤਾਂ ਜੋ ਜ਼ਿਲੇ ਅਤੇ ਸੂਬੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਉਹ ਸਮੂਹ ਸਟਾਫ਼ ਦੇ ਧੰਨਵਾਦੀ ਹਨ ਜੋ ਇਸ ਬਿਪਤਾ ਦੀ ਘੜੀ ਵਿਚ ਵਾਇਰਸ ਦੀ ਪ੍ਰਵਾਹ ਨਾ ਕਰਦੇ ਹੋਏ ਪਬਲਿਕ ਦੀ ਸੇਵਾ ’ਚ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ। ਉਨਾਂ ਪੁਲਿਸ ਫੋਰਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਡਿਊਟੀ ਦੌਰਾਨ ਉਹ ਆਪਣੀ ਸਿਹਤ ਦਾ ਵੀ ਧਿਆਨ ਰੱਖਣ।