ਅਸ਼ੋਕ ਵਰਮਾ
ਬਠਿੰਡਾ, 31 ਮਾਰਚ :ਬਠਿੰਡਾ ਸ਼ਹਿਰ ਵਿਚ ਰਾਸ਼ਨ ਦੀ ਘਰੋ ਘਰੀ ਸਪਲਾਈ ਕਰਨ ਲਈ ਹੁਣ ਜੋਮੈਟੋ ਐਪ ਤੋਂ ਬਾਅਦ ਸਵੀਗੀ ਐਪ ਤੋਂ ਵੀ ਸੇਵਾ ਸੁਰੂ ਹੋ ਚੁੱਕੀ ਹੈ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਸਵੀਗੀ ਟੀਮ ਨੂੰ ਰਵਾਨਾ ਕੀਤਾ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਜ਼ਿਲੇ ਵਿਚ ਸਮੂਚੇ ਤੌਰ ਤੇ ਸਾਰੀਆਂ ਬੁਨਿਆਦੀ ਵਸਤਾਂ ਦੀ ਸਪਲਾਈ ਲਾਈਨ ਪੂਰੀ ਤਰਾਂ ਬਹਾਲ ਹੋ ਚੁੱਕੀ ਹੈ।
ਉਨਾਂ ਨੇ ਦੱਸਿਆ ਕਿ ਸ਼ਹਿਰ ਵਿਚ ਹੁਣ ਤੱਕ ਦੋ ਦਰਜਨ ਸਟੋਰ ਰਾਸ਼ਨ ਦੀ ਘਰੋ ਘਰੀ ਸਪਲਾਈ ਕਰ ਰਹੇ ਹਨ ਜਦ ਕਿ ਦੋ ਮੋਬਾਇਲ ਐਪ ਰਾਹੀਂ ਵੀ ਲੋਕ ਘਰ ਬੈਠੇ ਰਾਸ਼ਨ ਮੰਗਵਾ ਸਕਦੇ ਹਨ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਵਿਸਵਾਸ਼ ਦੁਆਇਆ ਕਿ ਪ੍ਰਸ਼ਾਸਨ ਉਨਾਂ ਦੀ ਸਹੁਲਤ ਲਈ ਹਰ ਉਪਰਾਲਾ ਕਰ ਰਿਹਾ ਹੈ ਪਰ ਲੋਕ ਇਸ ਮੁਸਕਿਲ ਸਮੇਂ ਸੰਯਮ ਬਣਾਈ ਰੱਖਣ ਅਤੇ ਘਰ ਦੇ ਅੰਦਰ ਹੀ ਰਹਿਣ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਸਾਡੇ ਵੱਲੋਂ ਘਰ ਰਹਿਣ ਦੀ ਝੱਲੀ ਗਈ ਕੁਝ ਦਿਨਾਂ ਦੀ ਔਖ ਸਾਨੂੰ ਵੱਡੇ ਖਤਰਨਾਕ ਸੰਕਟ ਤੋਂ ਬਚਾ ਲਵੇਗੀ। ਉਨਾਂ ਨੇ ਅਪੀਲ ਕੀਤੀ ਕਿ ਹਰ ਕੋਈ ਨਾਗਰਿਕ ਸਖ਼ਤੀ ਨਾਲ ਕਰਫਿਊ ਦਾ ਪਾਲਣ ਕਰੇ।