ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ 2020 - ਬਿਨਾਂ ਕਿਸੇ ਅਗਾਊਂ ਤਿਆਰੀ ਤੋਂ ਮੜੇ ਗਏ ਕਰਫ਼ਿਊ ਕਾਰਨ ਪੋਲਟਰੀ ਦਾ ਕਾਰੋਬਾਰ ਵੀ ਤਬਾਹ ਹੋਣ ਦੀ ਕਗਾਰ ਉੱਤੇ ਪਹੁੰਚ ਗਿਆ ਹੈ. ਖੇਤੀਬਾੜੀ ਦੇ ੲਿਸ ਸਹਾਇਕ ਧੰਦੇ ਵਿੱਚ ਲੱਖਾਂ ਹੀ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ. ਇਹ ਧੰਦਾ ਉੱਜੜ ਰਹੀ ਅਤੇ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਵਾਸਤੇ ਆਮਦਨ ਦਾ ਇਕ ਵਧੀਆ ਸਰੋਤ ਬਣ ਕੇ ਉੱਭਰਿਆ ਹੈ. ਇਸ ਸਮੇਂ ਲੇਅਰ ਅਤੇ ਬਰਾਇਲਰ ਮੁਰਗੀਆਂ ਦੇ ਪਾਲਕ ਮੁਰਗੀਆਂ ਨੂੰ ਬਰਸੀਮ ਬਗੈਰਾ ਪਾ ਕੇ ਗੁਜ਼ਾਰਾ ਚਲਾ ਰਹੇ ਹਨ ਕਿੳੁਂਕਿ ਕਰਫ਼ਿਊ ਵਿੱਚ ਟਰੱਕ ਫਸ ਜਾਣ ਕਾਰਨ ਪਿਛਲੇ ਕਈ ਦਿਨਾਂ ਤੋਂ ਫੀਡ ਨਹੀਂ ਪਹੁੰਚੀ. ਇਸ ਹਾਲਤ ਵਿੱਚ ਲੱਖਾਂ ਹੀ ਮੁਰਗੀਆਂ ਭੁੱਖ ਨਾਲ ਮਰ ਜਾਣਗੀਆਂ ਅਤੇ ਮੁਰਗੀ ਪਾਲਕ ਬਰਬਾਦ ਹੋ ਜਾਣਗੇ।
ਇਹ ਸ਼ਬਦ ਅੱਜ ਇੱਥੋਂ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਮਾਲਵਾ ਜੋਨ ਕਮੇਟੀ ਮੈਬਰ ਅਤੇ ਪੰਜਾਬ ਕਿਸਾਨ ਯੂਨੀਅਨ ਜਿਲ੍ਹਾ ਪ੍ਰੈੱਸ ਸਕੱਤਰ ਗੁਰਤੇਜ ਮਹਿਰਾਜ ਨੇ ਕਹੇ ਹਨ. ਬਿਆਨ ਵਿੱਚ ਉਨ੍ਹਾਂ ਦੱਸਿਆ ਹੈ ਕਿ ਇਸ ਚਿੰਤਾ ਵਿੱਚ ਡੁੱਬੇ ਬਠਿੰਡਾ ਜ਼ਿਲ੍ਹੇ ਦੇ ਮੁਰਗੀ ਪਾਲਕਾਂ ਜਿਹਨਾਂ ਵਿੱਚ ਸਰਕਾਰ ਕੋਲੋਂ ਇਹ ਮੰਗ ਕੀਤੀ ਹੈ ਕਿ ਉਹ ਪੋਲਟਰੀ ਫਾਰਮਾਂ ਉੱਤੇ ਫੀਡ ਪਹੁੰਚਾਉਣ ਦੇ ਤੁਰੰਤ ਪ੍ਰਬੰਧ ਕਰੇ ਉੱਥੇ ਇਹ ਮੰਗ ਵੀ ਕੀਤੀ ਹੈ ਕਿ ਸਰਕਾਰ ਪੋਲਟਰੀ ਫਾਰਮਰਾਂ ਨੂੰ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕਰੇ।
ਗੁਰਤੇਜ ਮਹਿਰਾਜ ਨੇ ਦੱਸਿਆ ਹੈ ਕਿ ਕਰੋਨਾ ਵਾੲਿਰਸ ਦੀ ਦਹਿਸ਼ਤ ਕਾਰਨ ਪੋਲਟਰੀ ਦਾ ਧੰਦਾ ਭਾਰੀ ਮੰਦੇ ਦੀ ਲਪੇਟ ਵਿੱਚ ਆ ਗਿਆ ਹੈ. ਪੋਲਟਰੀ ਉਤਪਾਦਾਂ ਦੀ ਖਪਤ ਘੱਟ ਗਈ ਹੈ. ਇਸ ਕਰਕੇ ਮੁਰਗ਼ੀ ਪਾਲਕਾਂ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਉਨ੍ਹਾਂ ਸਿਹਤ ਵਿਭਾਗ ਨੂੰ ਇਹ ਅਪੀਲ ਵੀ ਕੀਤੀ ਹੈ ਕਿ ੳੁਹ ਪੋਲਟਰੀ ਉਤਪਾਦਾਂ ਦੀ ਖਪਤ ਨੂੰ ਹੁਲਾਰਾ ਦੇਣ ਵਾਸਤੇ ਜਾਗਰੂਕਤਾ ਮੁਹਿੰਮ ਵੀ ਚਲਾਵੇ।