ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 1 ਅਪ੍ਰੈਲ 2020 - ਹਰਿਆਣਾ ਸਰਕਾਰ ਵੱਲੋਂ ਐਨ ਆਰ ਪੰਜਾਬੀਆਂ ਬਾਰੇ ਗੁਮਰਾਹਕੁਨ ਬਿਆਨ ਦਾ ਪੰਜਾਬ ਸਰਕਾਰ ਵੱਲੋਂ ਕੋਈ ਨੋਟਿਸ ਨਾ ਲੈਣਾ ਉਸਦੀ ਗੰਭੀਰ ਕੁਤਾਹੀ ਵੱਲ ਇਸ਼ਾਰਾ ਕਰਦਾ ਹੈ। ਬੀਤੀ 30 ਮਾਰਚ ਨੂੰ ਹਰਿਆਣਾ ਦੇ ਹੋਮ ਮਨਿਸਟਰ ਅਨਿੱਲ ਵਿੱਜ ਨੇ ਇੱਕ ਬਿਆਨ ਦੇ ਆਖਿਆ ਕਿ ਪੰਜਾਬ ਵਿੱਚੋਂ 90 ਹਜ਼ਾਰ ਐਨ ਆਰ ਆਈ ਗਾਇਬ ਹੋ ਗਏ ਹਨ, ਜੋ ਕੇ ਹਰਿਆਣਾ ਚ ਚੋਰੀ-ਚੋਰੀ ਦਾਖਲ ਹੋ ਕੇ ਕਰੋਨਾ ਫੈਲਾ ਸਕਦੇ ਹਨ। ਪੰਜਾਬ ਨਾਲ ਲਗਦਾ ਹਰਿਆਣੇ ਦਾ ਬਾਰਡਰ ਸੀਲ ਕਰ ਦਿੱਤਾ ਗਿਆ ਹੈ ਤੇ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਤੁਹਾਨੂੰ ਜੋ ਕੁਝ ਮਰਜ਼ੀ ਕਰਨਾ ਪਵੇ ਕਿਸੇ ਵੀ ਸੂਰਤ ਚ ਇਹ ਬੰਦੇ ਹਰਿਆਣੇ ਚ ਨਹੀਂ ਵੜਨੇ ਚਾਹੀਦੇ।
ਪੰਜਾਬ ਦੇ ਹੈਲਥ ਮਨਿਸਟਰ ਬਲਵੀਰ ਸਿੰਘ ਸਿੱਧੂ ਨੇ ਇਸੇ 24 ਮਾਰਚ ਵਾਲੇ ਦਿਨ ਕੇਂਦਰੀ ਹੈਲਥ ਮਨਿਸਟਰ ਹਰਸ਼ਵਰਧਨ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕੇ ਪੰਜਾਬ ਇਸੇ ਮਹੀਨੇ 90000 (ਨੱਬੇ ਹਜ਼ਾਰ ) ਐਨ ਆਰ ਆਈ ਪੰਜਾਬ ਆਏ ਹਨ। ਇਸੇ ਚਿੱਠੀ ਦੀ ਆੜ ਲੈ ਕੇ ਕਈ ਟੀ ਵੀ ਚੈਨਲਾਂ ਨੇ ਇਨ੍ਹਾਂ ਐਨ ਆਰ ਆਈਜ਼ ਨੂੰ ਹਊਆ ਬਣਾ ਕੇ ਪੇਸ਼ ਕੀਤਾ । ਆਪਦੇ ਘਰਾਂ ਚ ਆਏ ਇਨ੍ਹਾਂ ਲੋਕਾਂ ਨੂੰ ਲੋਕਾਂ ਨੂੰ ਲੁਕੇ ਹੋਏ ਤੇ ਅੰਡਰ ਗਰਾਉਂਡ ਹੋਏ ਐਨ ਆਰ ਆਈ ਆਖਿਆ ਗਿਆ ਇੱਥੋਂ ਤੱਕ ਕੇ ਇੱਕ ਚੈਨਲ ਨੇ 90 ਹਜ਼ਾਰ ਦੀ ਦਿਸ ਗਿਣਤੀ ਨੂੰ ਕਰੋਨਾ ਦਾ ਐਟਮ ਬੰਬ ਵੀ ਆਖ ਦਿੱਤਾ।ਹਾਲਾਂਕਿ ਕੇ ਸੋਸ਼ਲ ਮੀਡੀਏ ਜ਼ਰੀਏ ਤਾਂ ਇਸ ਪ੍ਰਚਾਰ ਦਾ ਕੁਝ ਹੱਦ ਤੱਕ ਤਾਂ ਜਵਾਬ ਦਿੱਤਾ ਗਿਆ ਪਰ ਪੰਜਾਬ ਸਰਕਾਰ ਖ਼ਾਮੋਸ਼ ਰਹੀ।
ਚਲੋ ਮੀਡੀਏ ਦੀ ਗੱਲ ਨੂੰ ਜੇ ਅਣਗੌਲ਼ਿਆ ਵੀ ਕਰ ਦੇਈਏ ਪਰ ਇੱਕ ਗੁਆਂਡੀ ਸੂਬੇ ਦੀ ਸਰਕਾਰ ਵੱਲੋਂ ਪੰਜਾਬ ਚੋਂ 90 ਹਜ਼ਾਰ ਲੋਕਾਂ ਨੂੰ ਗਾਇਬ ਹੋਏ ਤੇ ਚੋਰੀ-ਛੁੱਪੇ ਹਰਿਆਣਾ ਚ ਦਾਖਲ ਹੋ ਕੇ ਕਰੋਨਾ ਫੈਲਾ ਸਕਣ ਵਾਲੇ ਗੈਰਜੁਮੇਵਾਰਾ ਤੇ ਗੁਮਰਾਹਕੁਨ ਬਿਆਨਬਾਜੀ ਦਾ ਜਵਾਬ ਦੇਣਾ ਬਣਦਾ ਸੀ ਜਦਕਿ ਪੰਜਾਬ ਕੋਲ ਵਿਦੇਸ਼ਾਂ ਤੋਂ ਪੰਜਾਬ ਪੁੱਜਣ ਵਾਲੇ ਲਹਭਗ ਸਾਰੇ ਲੋਕਾਂ ਦਾ ਹਰ ਕਿਸਮ ਦਾ ਵੇਰਵਾ ਮੌਜੂਦ ਹੈ ।ਪੰਜਾਬ ਚ ਸੇਹਤ ਮਹਿਕਮੇ ਦੇ ਏ ਐਨ ਐਮ ਵਰਕਰਾਂ ਨੇ ਇੰਟਰਨੈਸ਼ਨਲ ਫਲਾਈਟਾਂ ਬੰਦ ਹੋਣ ਤੋਂ ਬਾਅਦ ਘਰ-ਘਰ ਜਾ ਕੇ ਸਾਰੇ ਬਾਹਰੋਂ ਆਏ ਲੋਕਾਂ ਦੇ ਵੇਰਵੇ ਇਕੱਠੇ ਕੀਤੇ ਹਨ।ਬਜ਼ੁਰਗ ਬੰਦਿਆਂ ਦੇ ਘਰਾਂ ਦੇ ਬਾਹਰ ਲਾਲ ਰੰਗ ਦੇ ਨੋਟਿਸ ਚਸਪਾ ਕਰ ਕੇ ਗੁਆਂਡੀਆਂ ਨੂੰ ਆਖਿਆ ਗਿਆ ਹੈ ਕਿ ਨੋਟਿਸ ਚ ਲਿਖੇ ਸ਼ਖਸ ਜੇ ਘਰੋਂ ਬਾਹਰ ਨਿਕਲਦੇ ਦੇਖੇ ਜਾਣ ਤਾਂ ਇਸ ਫ਼ੋਨ ਤੇ ਜਾਣਕਾਰੀ ਦਿੱਤੀ ਜਾਵੇ ।ਮਹਿਕਮਾ ਪੰਚਾਇਤ ਨੇ ਵੀ ਆਪਣੇ ਪੱਧਰ ਡੈਟਾ ਇਕੱਠਾ ਕੀਤਾ ਹੈ। ਪੰਚਾਇਤ ਮਹਿਕਮੇ ਦੇ ਡਾਇਰੈਕਟਰ ਵੱਲੋਂ 31 ਮਾਰਚ ਨੂੰ ਜਾਰੀ ਕੀਤੇ ਇੱਕ ਅੰਕੜੇ ਮੁਤਾਬਿਕ 25351 ਲੋਕ ਪੰਜਾਬ ਦੇ ਪਿੰਡਾਂ ਚ ਵਿਦੇਸ਼ ਤੋਂ ਆਏ ਹਨ । ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਕੇ ਆਏ ਲੋਕਾਂ ਦੀ ਸਿਹਤ ਬਾਬਤ ਵੀ ਘਰੋ ਘਰ ਜਾ ਕੇ ਪੁੱਛ ਪੜਤਾਲ ਕੀਤੀ ਗਈ ਹੈ।
ਹਰਿਆਣਾ ਸਰਕਾਰ ਵਾਲੇ ਬਿਆਨ ਦੇ ਪੇਸ਼ੇ ਨਜ਼ਰ ਆਪੋ ਆਪਣੇ ਮੁਲਕਾਂ ਨੂੰ ਮੁੜਨ ਦੀ ਉਡੀਕ ਚ ਬੈਠੇ ਪੰਜਾਬੀਆਂ ਨੂੰ ਫਿਕਰ ਹੋ ਗਿਆ ਕਿ ਇਸ ਸੂਰਤੇਹਾਲ ਚ ਦਿੱਲੀ ਏਅਰਪੋਰਟ ਤੇ ਜਾਣ ਵਾਸਤੇ ਹਰਿਆਣੇ ਵਿੱਚੋਂ ਕਿਵੇਂ ਸਫਰ ਕਰਨਗੇ। ਜ਼ਿਕਰ ਲਾਇਕ ਹੈ ਕਿ ਕਨੇਡਾ ਸਰਕਾਰ ਨੇ ਭਾਰਤ ਚ ਫਸੇ ਆਪਣੇ ਸਿਟੀਜਨਜ਼ ਨੂੰ ਕੱਢਣ ਵਾਸਤੇ ਸਪੈਸ਼ਲ ਹਵਾਈ ਜਹਾਜ਼ ਭੇਜਣ ਦਾ ਮਨਸੂਬਾ ਬਣਾਇਆ ਹੈ।
ਆਮ ਆਦਮੀ ਪਾਰਟੀ ਦੇ ਐਮ ਐਲ ਏ ਅਮਨ ਅਰੋੜਾ ਨੇ ਹਰਿਆਣਾ ਦੇ ਮਨਿਸਟਰ ਵੱਲੋਂ 90 ਹਜ਼ਾਰ ਐਨ ਆਰ ਆਈ ਪੰਜਾਬੀਆਂ ਨੂੰ ਗਾਇਬ ਆਖਣ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਹਦੇ ਤੇ ਬਕਾਇਦਾ ਬਿਆਨ ਜਾਰੀ ਕਰੇ,ਉਨ੍ਹਾਂ ਕਿਹਾ ਕੇ ਮੇਰੇ ਮੁਤਾਬਕ 90 ਹਜ਼ਾਰ ਵਿੱਚੋਂ ਬਹੁਤ ਸਾਰੇ ਪੰਜਾਬੀ ਆਪੋ ਆਪਣੇ ਮੁਲਕਾਂ ਨੂੰ ਵਾਪਸ ਜਾ ਚੁੱਕੇ ਹਨ ਕਿਉਂਕਿ ਪਰਦੇਸੀ ਪੰਜਾਬੀਆਂ ਦੀ ਆਮਦ ਦਸੰਬਰ ਵਿੱਚ ਵੱਧ ਹੁੰਦੀ ਹੈ ਜਿੰਨਾਂ ਦੀ ਫ਼ਰਵਰੀ ਚ ਵਾਪਸੀ ਹੋ ਜਾਂਦੀ ਹੈ। ਅਰੋੜਾ ਨੇ ਕਿਹਾ ਕਿ ਸਾਡੀ ਪਾਰਟੀ ਐਨ ਆਰ ਆਰਈਜ ਦਾ ਦਿੱਲੀ ਏਅਰਪੋਰਟ ਤੱਕ ਦਾ ਬਿਨਾ ਦਿੱਕਤ ਵਾਲਾ ਸਫਰ ਯਕੀਨੀ ਬਨਾਉਣ ਖ਼ਾਤਰ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਤੋਂ ਨਹੀਂ ਝਿਜਕੂਗੀ।