ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ 2020 - ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਕਰੋਨਾਵਾਇਰਸ ਦੇ ਮੱਦੇਨਜਰ ਅਤੇ ਪੰਜਾਬ ਵਿੱਚ ਲੱਗੇ ਕਰਫਿਊ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਮੁੱਖ ਰੱਖਦੇ ਹੋਏ ਤਕਨੀਕੀ ਸਿੱਖਿਆ ਮੰਤਰੀ ਅਤੇ ਪ੍ਰਮੁੱਖ ਸਕੱਤਰ, ਦੇ ਦਿਸ਼ਾ ਨਿਰਦੇਸ਼ਾਂ ਸਦਕਾ ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਵਿਖੇ ਆਨ-ਲਾਈਨ ਪੜ੍ਹਾਈ ਸੁਰੂ ਕੀਤੀ ਗਈ ਹੈ । ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਬੰਦ ਰਹਿਣ ਕਾਰਣ ਵਿਦਿਆਰਥੀਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਨੂੰ ਕੁੱਝ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ ਤਾਂ ਜੋ ਘਰ ਬੈਠੇੇ ਵਿਦਿਆਰਥੀ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ ਆਪਣੀ ਪੜ੍ਹਾਈ ਨਾਲ ਜੁੜੇ ਰਹਿ ਸਕਣ। ਉੁਨਾਂ ਕਾਲਜ ਦੇ ਸਾਰੇ ਸਟਾਫ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਹ ਵਿਦਿਆਰਥੀਆਂ ਨਾਲ ਗੂਗਲ ਕਲਾਸ ਰੂਮ, ਜੂਮ ਐਪ, ਵਟਸਐਪ ਜਾਂ ਯੂਟਿਊਬ ਰਾਹੀ ਰਾਬਤਾ ਕਾਇਮ ਕਰਦੇ ਹੋਏ ਸਿਲੇਬਸ ਪੂਰਾ ਕਰਵਾਉਣ। ਉਨਾਂ ਲੈਕਚਰਾਰ ਇੰਦਰਜੀਤ ਸਿੰਘ ਬਮਰਾਹ, ਪ੍ਰਵੇਸ਼ ਕੁਮਾਰ ਅਤੇ ਮਿਸ ਨਵਰੀਤ ਕੌਰ ਗਰੇਵਾਲ ਜਿਨਾਂ ਦੇ ਪਹਿਲਾ ਹੀ ਯੂਟਿਊਬ ਤੇ ਲੈਕਚਰ ਪਾਏ ਗਏ ਹਨ ਦੀ ਵੀ ਸਲਾਘਾ ਕੀਤੀ । ਅੰਤ ਵਿੱਚ ਉਨਾਂ ਸਾਰੇ ਸਟਾਫ ਮੈਬਰਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਅਤੇ ਆਪਣੇ ਪ੍ਰੀਵਾਰਾਂ ਦੀ ਸੁਰੱਖਿਆ ਤੇ ਇਸ ਮਹਾਂਮਾਰੀ ਤੋਂ ਬਚਾ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ।