ਐਸ ਏ ਐਸ ਨਗਰ, 01 ਅਪ੍ਰੈਲ 2020: ਕੋਵਿਡ-19 ਪਾਜ਼ੇਟਿਵ ਮਰੀਜ਼ ਨੂੰ ਦਾਖਲ ਕਰਵਾਉਣ ਲਈ ਐਸ.ਏ.ਐਸ.ਨਗਰ ਦੇ ਇੱਕ ਨਿੱਜੀ ਹਸਪਤਾਲ ਬੰਦ ਕਰਨ ਦੀ ਮੰਗ ਉਚਿਤ ਨਹੀਂ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਪ੍ਰਗਟਾਵਾ ਐਸ.ਏ.ਐਸ.ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹਨਾਂ ਨੂੰ ਕੋਵਿਡ-19 ਪਾਜ਼ੇਟਿਵ ਮਰੀਜ਼ ਨੂੰ ਦਾਖਲ ਕਰਨ ਲਈ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਨੂੰ ਬੰਦ ਕਰਨ ਦੀਆਂ ਕੁਝ ਕਾਲਾਂ ਆਈਆਂ। ਹਾਲਾਂਕਿ, ਉਹਨਾਂ ਕਿਹਾ ਕਿ ਇਹ ਪ੍ਰੋਟੋਕੋਲ ਦੇ ਸਖਤ ਵਿਰੁੱਧ ਹੈ ਕਿਉਂਕਿ ਇਸ ਸਮੇਂ ਵੱਧ ਤੋਂ ਵੱਧ ਸਿਹਤ ਸੰਸਥਾਵਾਂ ਸਥਾਪਤ ਕਰਨਾ ਅਤੇ ਚਲਾਉਣਾ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਇਹ ਵੀ ਦੱਸਿਆ ਗਿਆ ਕਿ ਮੈਡੀਕਲ ਸੰਸਥਾਵਾਂ ਵੱਲੋਂ ਪ੍ਰੋਟੋਕੋਲ ਅਨੁਸਾਰ ਇਲਾਜ / ਆਈਸੋਲੇਸ਼ਨ / ਕੁਆਰੰਟੀਨ ਸਬੰਧੀ ਸਖਤ ਸਾਵਧਾਨੀ ਵਰਤੀ ਜਾ ਰਹੀ ਹੈ। ਉਹਨਾਂ ਅੱਗੇ ਦੱਸਿਆ ਕਿ ਹਸਪਤਾਲ ਬੰਦ ਨਹੀਂ ਕੀਤੇ ਜਾ ਸਕਦੇ।
ਮਹਾਂਮਾਰੀ ਦੀ ਸੰਭਾਵਤ ਤੀਬਰਤਾ ਦੇ ਮੱਦੇਨਜ਼ਰ, ਹੁਣ ਸਰਕਾਰੀ ਅਤੇ ਨਿਜੀ ਸਿਹਤ ਸੰਸਥਾਵਾਂ ਵੱਲੋਂ ਮਿਲ ਕੇ ਕੰਮ ਕਰਨ ਦਾ ਸਮਾਂ ਆ ਗਿਆ ਹੈ। ਦਰਅਸਲ, ਜ਼ਿਲ੍ਹਾ ਪ੍ਰਸ਼ਾਸਨ ਨੇ 10 ਬੈਡ ਜਾਂ ਇਸ ਤੋਂ ਵੱਧ ਬੈਡ ਵਾਲੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਪਾਜੇਟਿਵ / ਸ਼ੱਕੀ ਮਾਮਲੇ ਦੇ ਇਲਾਜ ਜਾਂ ਜਾਂਚ ਲਈ ਉਹਨਾਂ ਦੇ ਬੈਡਾਂ, ਆਈ.ਸੀ.ਯੂ., ਵੈਂਟੀਲੇਟਰਾਂ ਆਦਿ ਦੀ ਸੂਚੀ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਂਮਾਰੀ ਫੈਲਣ ਦੀ ਸੂਰਤ ਵਿੱਚ ਜਨਤਕ ਸਿਹਤ ਦਾ ਬੁਨਿਆਦੀ ਢਾਂਚਾ ਪੂਰਨ ਸਮਰੱਥ ਨਹੀਂ ਹੈ, ਇਸ ਲਈ ਜ਼ਿਲ੍ਹੇ ਵਿੱਚ ਆਈਸੀਯੂ ਬੈੱਡਾਂ / ਵੈਂਟੀਲੇਟਰਾਂ ਦੀ ਪੂਰਤੀ ਲਈ ਸ਼ਹਿਰ ਵਿੱਚ ਉਪਲਬਧ ਪ੍ਰਾਇਵੇਟ ਸਿਹਤ ਸੰਸਥਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ।