-ਭੱਜ ਰਹੇ ਦੋਸ਼ੀਆਂ ਨੂੰ ਪਨਾਹ ਦੇਣ ਵਾਲੀ 1 ਔਰਤ ਸਣੇ 3 ਵਿਰੁੱਧ ਕੇਸ ਦਰਜ਼
ਹਰਿੰਦਰ ਨਿੱਕਾ
ਬਰਨਾਲਾ, 2 ਅਪ੍ਰੈਲ 2020 - ਕਰਫਿਊ ਦੋ ਦੌਰਾਨ ਸਰੇਆਮ ਸੜ੍ਹਕ ਤੇ ਘੁੰਮ ਰਹੇ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਕਵਲ ਸਿੰਘ ਨਿਵਾਸੀ ਖੁੱਡੀ ਕਲਾਂ, ਹਾਲ ਵਾਸੀ ਜਗਜੀਤਪੁਰਾ ਤੇ ਮਨਪ੍ਰੀਤ ਸਿੰਘ ਉਰਫ ਮਾਣਾ ਵਾਸੀ ਜਗਜੀਤਪੁਰਾ ਨੂੰ ਏਐਸਆਈ ਜੋਗਿੰਦਰ ਸਿੰਘ ਦੀ ਅਗਵਾਈ , ਚ ਤਪਾ-ਪੱਖੋ ਕੈਂਚੀਆਂ ਲਿੰਕ ਰੋਡ ਤੇ ਪੈਂਦੇ ਪਿੰਡ ਉਗੋਕੇ ਦੀ ਹੱਦ ਵਿੱਚ ਗਸ਼ਤ ਕਰ ਹੀ ਪੁਲਿਸ ਪਾਰਟੀ ਨੇ ਰੋਕਿਆ ਤਾਂ ਰੁਕਣ ਦੀ ਬਜਾਏ ਦੋਵੇਂ ਨੌਜਵਾਨ ਥਾਣੇਦਾਰ ਤੇ ਪੁਲਿਸ ਪਾਰਟੀ ਦੇ ਇਹ ਕਹਿ ਕੇ ਗਲ ਪੈ ਗਏ ਕਿ ਤੁਸੀਂ ਉਨ੍ਹਾਂ ਨੂੰ ਰੋਕਣ ਵਾਲੇ ਕੌਣ ਹੁੰਦੇ ਹੋ।
ਥਾਣੇਦਾਰ ਨੇ ਦੋਵਾਂ ਨੌਜਵਾਨਾਂ ਨੂੰ ਸਮਝਾਇਆ ਕਿ ਕਰਫਿਊ ਲੱਗਾ ਹੋਇਆ ਹੈ। ਤੁਸੀ ਡੀਸੀ ਦੁਆਰਾ ਜਾਰੀ ਹੁਕਮਾਂ ਦੀ ਉਲੰਘਣਾ ਕਰ ਰਹੇ ਹੋ। ਫਿਰ ਵੀ ਦੋਵੇਂ ਨੌਜਵਾਨਾਂ ਲੇ ਰੁਕਣ ਦੀ ਬਜਾਏ ਕਿਹਾ ਕਿ ਤੁਸੀ ਕੌਣ ਹੁੰਦੇ ਹੋ ਸਾਨੂੰ ਰੋਕਣ ਵਾਲੇ, ਜੋ ਮਰਜੀ ਕਰ ਲਉ, ਅਸੀਂ ਤਾਂ ਇਸੇ ਤਰਾਂ ਹੀ ਘੁੰਮਾਂਗੇ। ਜਦੋਂ ਕੋਲ ਖੜ੍ਹੇ ਪੁਲਿਸ ਪਾਰਟੀ ਦੇ ਹੋਰ ਕਰਮਚਾਰੀਆਂ ਨੇ ਉਨ੍ਹਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਨੌਜਵਾਨ ਪੁਲਿਸ ਪਾਰਟੀ ਤੇ ਟੁੱਟ ਕੇ ਪੈ ਗਏ ਤੇ ਕਾਫੀ ਮਾਰਕੁੱਟ ਕੀਤੀ।
ਦੋਸ਼ੀ ਮੋਟਰਸਾਈਕਲ ਛੱਡ ਕੇ ਭੱਜ਼ ਨਿੱਕਲੇ ਤੇ ਨਜਦੀਕ ਹੀ ਇੱਕ ਘਰ ਵਿੱਚ ਜਾ ਕੇ ਵੜ੍ਹ ਗਏ। ਜਦੋਂ ਦੋਸ਼ੀਆਂ ਦਾ ਪਿੱਛਾ ਕਰਦੀ ਪੁਲਿਸ ਪਾਰਟੀ ਵੀ ਉਸੇ ਘਰ ਮੁਹਰੇ ਪੁੱਜੀ, ਜਿਸ ਵਿੱਚ ਦੋਸ਼ੀ ਲੁਕੇ ਹੋਏ ਸਨ ਤਾਂ ਘਰ ਅੰਦਰੋਂ ਨਿੱਕਲੀ ਔਰਤ ਨਿਰਮਲ ਕੌਰ ਤੇ ਨੌਜਵਾਨ ਰਿੰਪੀ ਬਾਹਰ ਨਿੱਕਲੇ, ਉਹ ਵੀ ਪੁਲਿਸ ਦੀ ਕੋਈ ਗੱਲ ਸੁਣੇ ਬਿਨ੍ਹਾਂ ਹੀ ਪੁਲਿਸ ਪਾਰਟੀ ਦੇ ਗਲ ਪੈ ਗਏ। ਪੁਲਿਸ ਪਾਰਟੀ ਨਾਲ ਦੋਵਾਂ ਨੇ ਧੱਕਾ-ਮੁੱਕੀ ਵੀ ਕੀਤੀ।
ਉਕਤ ਚਾਰੋਂ ਦੋਸ਼ੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਥਾਣਾ ਸ਼ਹਿਣਾ ਦੇ ਐਸਐਚਉ ਤਰਸੇਮ ਸਿੰਘ ਨੇ ਦੱਸਿਆ ਕਿ ਥਾਣੇਦਾਰ ਜੋਗਿੰਦਰ ਸਿੰਘ ਦੇ ਬਿਆਨਾਂ ਤੇ ਦੋਸ਼ੀਆਂ ਦੇ ਖਿਲਾਫ ਕਰਫਿਊ ਦੀ ਉਲੰਘਣਾ ਕਰਨ, ਪੁਲਿਸ ਕਰਮਚਾਰੀਆਂ ਦੀ ਡਿਊਟੀ ਵਿੱਚ ਅੜਿੱਕਾ ਢਾਹੁਣ ਤੇ ਕੁੱਟ-ਮਾਰ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।