ਰਜਨੀਸ਼ ਸਰੀਨ
ਯੋਜਨਾਬੰਦੀ ਦੀ ਘਾਟ ਕਾਰਨ ਕੁੱਝ ਲੋਕਾਂ ਨੂੰ ਵਾਰ-ਵਾਰ ਮੱਦਦ ਮਿਲ ਰਹੀ ਹੈ ਅਤੇ ਕੁੱਝ ਯੋਗ ਲੋਕਾਂ ਨੂੰ ਵਾਂਝੇ ਰਹਿਣਾ ਪੈ ਰਿਹਾ
‘ਨੋ ਵਨ ਸਲੀਪ ਹੰਗਰ’ ਪ੍ਰੋਗਰਾਮ ਜ਼ਿਲ੍ਹੇ ਦੀ ਵੈਬਸਾਈਟ ’ਤੇ ਅਤੇ ਐਸ ਡੀ ਐਮ ਦਫ਼ਤਰ ’ਚ ਮੌਜੂਦ
ਨਵਾਂਸ਼ਹਿਰ, 2 ਅਪਰੈਲ 2020 - ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਨਵਾਂਸ਼ਹਿਰ ਸਬ ਡਵੀਜ਼ਨ ਦੇ ਪੇਂਡੂ ਤੇ ਸ਼ਹਿਰੀ ਇਲਾਕਿਆਂ ’ਚ ਕਰਫ਼ਿਊ ਦੌਰਾਨ ਰਾਹਤ ਕਾਰਜਾਂ ’ਚ ਲੱਗੀਆਂ ਸਮੂਹ ਸੰਸਥਾਂਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਪ੍ਰੋਗਰਾਮ ‘ਨੋ ਵਨ ਸਲੀਪ ਹੰਗਰੀ’ ਪ੍ਰੋਗਰਾਮ ਤਹਿਤ ਐਸ ਡੀ ਐਮ ਦਫ਼ਤਰ ਨਵਾਂਸ਼ਹਿਰ ਨਾਲ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ।
ਉਨ੍ਹਾਂ ਕਿਹਾ ਕਿ ਯੋਜਨਬੰਦੀ ਦੀ ਘਾਟ ਕਾਰਨ ਸੇਵਾ ਕਰਨ ਵਾਲੀਆਂ ਸੰਸਥਾਂਵਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ ਪਰ ਜਿਨ੍ਹਾਂ ਲੋਕਾਂ ਨੂੰ ਰਾਹਤ ਪਹੁੰਚਾਉਣੀ ਹੈ, ਉਨ੍ਹਾਂ ’ਚੋਂ ਕਿਸੇ ਨੂੰ ਇੱਕ ਤੋਂ ਵਧੀਕ ਵਾਰ ਰਾਹਤ ਪੁੱਜ ਰਹੀ ਹੈ ਅਤੇ ਕੁੱਝ ਤੱਕ ਪਹੁੰਚ ਹੀ ਨਹੀਂ ਹੋ ਰਹੀ।
ਐਸ ਡੀ ਐਮ ਜੌਹਲ ਅਨੁਸਾਰ ਸੰਕਟ ਕਾਲੀਨ ਸਮਾਂ ਹੋਣ ਕਾਰਨ ਹਰ ਇੱਕ ਗਰੀਬ ਵਿਅਕਤੀ ਰਾਹਤ ਲਈ ਸਰਕਾਰ ਅਤੇ ਸੰਸਥਾਂਵਾਂ ਦੀ ਮੱਦਦ ਦਾ ਰਾਹ ਦੇਖ ਰਿਹਾ ਹੈ ਅਤੇ ਇਸ ਲਈ ਸਾਡਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਰਾਹਤ ਵੰਡ ਨੂੰ ਤਰਤੀਬ ਦੇ ਕੇ ਹਰ ਇੱਕ ਗਰੀਬ ਤੇ ਲੋੜਵੰਦ ਵਿਅਕਤੀ ਤੱਕ ਪੁੱਜੀਏ।
ਉਨ੍ਹਾਂ ਸਬ ਡਵੀਜ਼ਨ ਨਵਾਂਸ਼ਹਿਰ ’ਚ ਰਾਹਤ ਕਾਰਜਾਂ ’ਚ ਲੱਗੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਐਸ ਡੀ ਐਮ ਦਫ਼ਤਰ ਵਿਖੇ ‘ਨੋ ਵਨ ਸਲੀਪ ਹੰਗਰ’ ਪ੍ਰੋਗਰਾਮ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਲੋੜਵੰਦ ਲੋਕਾਂ ਤੱਕ ਸੁਮੱਚੇ ਰੂਪ ’ਚ ਪਹੁੰਚ ਕਰਨ ’ਚ ਅਸਾਨੀ ਹੋ ਜਾਵੇਗੀ।