ਅਸ਼ੋਕ ਵਰਮਾ
ਬਠਿੰਡਾ, 02 ਅਪ੍ਰੈਲ 2020: ਪੰਜਾਬ ਦੇ ਸਹਿਕਾਰੀ ਅਦਾਰੇ ਮਾਰਕਫੈਡ ਨੇ ਵੀ ਕਰੋਨਾ ਕਾਰਨ ਲੱਗੇ ਕਰਫਿਊ ਵਿਚ ਲੋਕ ਸੇਵਾ ਦੀ ਕਮਾਨ ਸੰਭਾਲੀ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸ ਸਬੰਧੀ ਦੱਸਿਆ ਕਿ ਮਾਰਕਫੈਡ ਨੂੰ ਜ਼ਿਲੇ ਵਿਚ ਘਰੋ ਘਰੀ ਰਾਸ਼ਨ ਸਪਲਾਈ ਲਈ ਅਧਿਕਾਰਤ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਉਚੱ ਗੁਣਵਤਾ ਦੇ ਉਤਪਾਦ ਵਾਜਬ ਰੇਟ ਤੇ ਘਰ ਬੈਠਿਆ ਹੀ ਮਿਲ ਸਕਣਗੇ।
ਇੱਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ ਸ਼ਹਿਰ ਵਿਚ ਜਿੱਥੇ ਦੋ ਦਰਜਨ ਵੱਡੇ ਸਟੋਰ ਘਰ ਘਰ ਰਾਸ਼ਨ ਦੀ ਸਪਲਾਈ ਕਰ ਰਹੇ ਹਨ ਉਥੇ ਹੀ ਸਵੀਗੀ ਅਤੇ ਜੋਮੈਟੋ ਵੀ ਸਮਾਨ ਦੀ ਹੋਮ ਡਲੀਵਰੀ ਦੇ ਰਹੀ ਹੈ। ਇਸ ਤੋਂ ਬਿਨਾਂ ਜ਼ਿਲੇ ਦੇ ਹੋਰ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੱਕ ਵੀ ਰਾਸ਼ਨ ਦੀ ਘਰੋ ਘਰੀ ਸਪਲਾਈ ਲਈ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ ਤੇ ਵਿਵਸਥਾ ਕੀਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਰਕਫੈਡ ਦੇ ਜ਼ਿਲਾ ਮੈਨੇਜਰ ਸ: ਐਚ.ਐਸ. ਧਾਲੀਵਾਲ ਨੇ ਦੱਸਿਆ ਕਿ ਫਿਲਹਾਲ ਮਾਰਕਫੈਡ ਬਠਿੰਡਾ ਤੋਂ ਇਲਾਵਾ ਰਾਮਪੁਰਾ ਅਤੇ ਭੁੱਚੋ ਵਿਚ ਰਾਸ਼ਨ ਦੀ ਹੋਮ ਡਲੀਵਰੀ ਅੱਜ ਤੋਂ ਸ਼ੁਰੂ ਕਰ ਰਿਹਾ ਹੈ। ਉਨਾਂ ਨੇ ਦੱਸਿਆ ਕਿ ਮਾਰਕਫੈਡ ਵੱਲੋਂ ਕਰਿਆਣੇ ਦਾ ਸਾਰਾ ਲੋੜੀਂਦਾ ਸਮਾਨ ਲੋਕਾਂ ਦੀਆਂ ਬਰੂਹਾਂ ਤੱਕ ਪੁੱਜਦਾ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਨਾਗਰਿਕ ਬੁਨਿਆਦੀ ਵਸਤਾਂ ਤੋਂ ਵਾਂਝਾ ਨਾ ਰਹੇ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਜਦ ਉਨਾਂ ਦਾ ਵਾਹਨ ਰਾਸ਼ਨ ਲੈ ਕੇ ਤੁਹਾਡੇ ਗਲੀ ਮੁਹੱਲੇ ਵਿਚ ਆਵੇ ਤਾਂ ਉੱਥੇ ਭੀੜ ਇੱਕਠੀ ਨਾ ਕੀਤੀ ਜਾਵੇ ਅਤੇ ਆਪਸੀ ਫਾਸਲਾ ਬਣਾਈ ਰੱਖਦੇ ਹੋਏ ਹੀ ਖਰੀਦਦਾਰੀ ਕੀਤੀ ਜਾਵੇ। ਇਸ ਸਬੰਧੀ ਮਾਰਕਫੈਡ ਨੇ ਹੈਲਪਲਾਈਨ ਨੰਬਰ 9855617140 ਵੀ ਜਾਰੀ ਕੀਤਾ ਗਿਆ ਹੈ।
ਬਾਕਸ ਲਈ ਪ੍ਰਸਤਾਵਿਤ
ਤਲਵੰਡੀ ਸਾਬੋ ਵਿਚ ਲੋੜਵੰਦਾਂ ਨੂੰ ਦਿੱਤਾ ਜਾ ਰਿਹਾ ਹੈ ਰਾਸ਼ਨ
ਤਲਵੰਡੀ ਸਾਬੋ ਦੇ ਐਸ.ਡੀ.ਐਮ. ਸ: ਵਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜਵੰਦ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਹੁਣ ਤੱਕ ਸਬ ਡਵੀਜ਼ਨ ਵਿਚ 996 ਲੋਕਾਂ ਨੂੰ ਸੁੱਕੇ ਰਾਸ਼ਨ ਦੇ ਪੈਕਟ ਵੰਡੇ ਗਏ ਹਨ ਜਦ ਕਿ ਹੁਣ ਤੱਕ 13395 ਲੋਕਾਂ ਨੂੰ ਪੱਕਿਆ ਹੋਇਆ ਭੋਜਨ ਮੁਹਈਆ ਕਰਵਾਇਆ ਜਾ ਚੁੱਕਿਆ ਹੈ।