ਅਸ਼ੋਕ ਵਰਮਾ
ਬਠਿੰਡਾ, 2 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਮੁਲਕ ’ਚ ਲੱਗੀਆਂ ਪਾਬੰਦੀਆਂ ਕਰਕੇ ਪੰਜਾਬ ’ਚ ਕਣਕ ਦੀ ਕਟਾਈ ਅਤੇ ਖਰੀਦ ਕੇਂਦਰਾਂ ਵਿੱਚ ਮਜਦੂਰਾਂ ਦਾ ਸੰਕਟ ਪੈਦਾ ਹੋਣ ਦੇ ਸੰਕੇਤ ਹਨ। ਇਸ ਤੋਂ ਪਹਿਲਾਂ ਦੋਵਾਂ ਸੂਬਿਆਂ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰ ਅਗੇਤਾ ਹੀ ਆਉਣਾ ਸ਼ੁਰੂ ਕਰ ਦਿੰਦੇ ਸਨ। ਇਸ ਵਾਰ ਰੇਲ ਗੱਡੀਆਂ ਦੇ ਬੰਦ ਰਹਿਣ ਅਤੇ ਕੋਰੋਨਾ ਵਾਇਰਸ ਕਾਰਨ ਭੀੜ ਹੋਣ ਤੋਂ ਰੋਕਣ ਦੇ ਯਤਨਾਂ ਸਦਕਾ ਹਾਲੇ ਤੱਕ ਲੇਬਰ ਦੇ ਆਉਣ ਦੀ ਸੰਭਾਵਨਾ ਵੀ ਨਹੀਂ ਬਣੀ ਹੈ। ਪਰਵਾਸੀ ਮਜ਼ਦੂਰਾਂ ਦੇ ਨਾ ਆਉਣ ਕਾਰਨ ਕਣਕ ਦੀ ਕਟਾਈ ਤੇ ਅਸਰ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਪੰਜਾਬ ’ਚ 35 ਲੱਖ ਹੈਕਟੇਅਰ ਕਣਕ ਦੀ ਬਿਜਾਂਦ ਹੋਈ ਹੈ। ਹਾਲਾਂਕਿ ਹਰ ਸਾਲ ਪਹਿਲੀ ਅਪਰੈਲ ਤੋਂ ਮੰਡੀਆਂ ਚਾਲੂ ਹੋ ਜਾਂਦੀਆਂ ਹਨ ਪਰ ਐਤਕੀ ਵਾਈ ਧਾਈ ਵੀ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਰੋਸਾ ਦਿਵਾ ਚੁੱਕੇ ਹਨ ਕਿ ਕਣਕ ਦੀ ਕਟਾਈ ਤੋਂ ਖਰੀਦ ਤੱਕ ਕੋਈ ਸਮੱਸਿਆ ਨਹੀਂ ਫਿਰ ਵੀ ਕਿਸਾਨਾਂ ਦਾ ਧਰਵਾਸ ਨਹੀਂ ਬੱਝ ਰਿਹਾ ਹੈ।
ਕਿਸਾਨਾਂ ਦੀ ਚਿੰਤਾ ਵੀ ਜਾਇਜ਼ ਹੈ ਕਿਉਂਕਿ ਸਰਕਾਰ ਨੇ ਹਾਲੇ ਤੱਕ ਕੋਈ ਖਰੀਦ ਨੀਤੀ ਵੀ ਨਹੀਂ ਐਲਾਨੀ ਹੈ। ਕਿਹਾ ਜਾ ਰਿਹਾ ਹੈ ਕਿ ‘ਲਾਕਡਾਊਨ’ ਉਪਰੰਤ ਖਰੀਦ ਸ਼ੁਰੂ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਟਾਈ ਅਤੇ ਮੰਡੀਆਂ ’ਚ ਆਮਦ ਦਾ ਇਕੱਠਾ ਜੋਰ ਪਵੇਗਾ ਜੋ ਕਿ ਸੰਕਟ ਵਧਾਉਣ ਵਾਲਾ ਹੀ ਸਾਬਤ ਹੋ ਸਕਦਾ ਹੈ। ਆੜਤੀਆਂ ਦਾ ਕਹਿਣਾ ਹੈ ਕਿ ਲੇਬਰ ਦੀ ਘਾਟ ਕਾਰਨ ਕਣਕ ਦੀ ਚੁਕਾਈ ਤੇ ਝੋਨੇ ਦੀ ਲੁਆਈ ਪਛੜਨ ਅਤੇ ਮਜ਼ਦੂਰੀ ਦਰਾਂ ਵਧਣ ਦੇ ਆਸਾਰ ਬਣ ਗਏ ਹਨ । ਖੇਤੀ ਮਾਹਿਰ ਆਖਦੇ ਹਨ ਕਿ ਖੇਤੀ ਧੰਦੇ ’ਚ ਵੱਧ ਰਹੀਆਂ ਮਜ਼ਦੂਰੀ ਦਰਾਂ ਪਹਿਲਾਂ ਹੀ ਖੇਤੀਬਾੜੀ ਖੇਤਰ ਦੇ ਵਿਕਾਸ ਉਪਰ ਭਾਰੀ ਪੈ ਰਹੀਆਂ ਹਨ। ਉਪਰੋਂ ਤਾਜਾ ਬੋਝ ਨਾਲ ਕਿਸਾਨੀ ਨੂੰ ਹੋਰ ਵੀ ਮਾਰ ਪਏਗੀ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੱਖ ਮੰਤਰੀ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਮੀਟਿੰਗ ’ਚ ਸਾਰੇ ਹੀ ਸੂਬਿਆਂ ਨੂੰ ਪ੍ਰਭਾਵੀ ਢੰਗ ਨਾਲ ਲਾਕਡਾਊਨ ਲਾਗੂ ਕਰਵਾਉਣ ਲਈ ਆਖਿਆ ਹੈ। ਪ੍ਰਧਾਨ ਮੰਤਰੀ ਦੇ ਇਸ ਕਥਨ ਨੇ ਕਿਸਾਨਾਂ ਦੇ ਫਿਕਰ ਵਧਾ ਦਿੱਤੇ ਹਨ। ਫਿਲਹਾਲ ਮੁਲਕ ’ਚ ਲਾਗੂ ਕੀਤੀ ਤਾਲਾਬੰਦੀ ਦੇ ਅਜੇ 12 ਦਿਨ ਬਾਕੀ ਹਨ। ਕਣਕਾਂ ਵੀ ਰੰਗ ਵਟਾ ਰਹੀਆਂ ਹਨ ਜਿੰਨਾਂ ਨੂੰ ਕੱਟਣ ’ਚ ਹੱਦ ਤੋਂ ਵੱਧ ਦੇਰੀ ਨਹੀਂ ਕੀਤੀ ਜਾ ਸਕਦੀ ਹੈ। ਕਿਸਾਨ ਦੇਰ ਕਰਦੇ ਹਨ ਤਾਂ ਇਸ ਨਾਲ ਕਣਕ ਦਾ ਝਾੜ ਘਟ ਸਕਦਾ ਹੈ।
‘ਬਾਬੂਸ਼ਾਹੀ ਵੱਲੋ ਕੀਤੀ ਪੜਤਾਲ ਦਾ ਸਿੱਟਾ ਹੈ ਕਿ ਬਿਹਾਰ ਦਾ ਬੇਗੂਸਰਾਏ ,ਦਰਭੰਗਾ,,ਸਮਸਤੀਪੁਰ,ਪੂਰਨੀਆਂ,ਪੱਛਮੀ ਚੰਪਾਰਨ,ਗੋਪਾਲ ਗੰਜ ਅਤੇ ਸਿਵਾਨ ਜਿਲੇ ਅਜਿਹੇ ਹਨ ਜੋਕਿ ਲੇਬਰ ਦਾ ਗੜ ਸਮਝੇ ਜਾਂਦੇ ਹਨ। ਇਸੇ ਤਰਾਂ ਉਤਰ ਪ੍ਰਦੇਸ਼ ਦੇ ਸੀਤਾਪੁਰ ਬਾਰਾਬੰਕੀ, ਮੈਨਪੁਰੀ, ਹਰਦੋਈ, ਉਨਾਓ,ਬਹਿਰਾਈਚ ਅਤੇ ਗੌਂਡਾ ਜਿਲਿਆਂ ਨੂੰ ਵੀ ਪੰਜਾਬ ਦੀ ਖੇਤੀ ਲਈ ਵਰਦਾਨ ਮੰਨਿਆ ਜਾਂਦਾ ਹੈ। ਵਿਸ਼ੇਸ਼ ਤੱਥ ਇਹ ਵੀ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਮਜਦੂਰ ਪੰਜਾਬ ਆਉਣ ਲਈ ਤਿਆਰ ਨਹੀਂ ਹੋਏ ਹਨ।
ਪੰਜਾਬ ’ਚ ਰਹਿ ਰਹੇ ਬਿਹਾਰੀ ਮਜਦੂਰ ਰਾਮਨਿਵਾਸ ਯਾਦਵ ਦਾ ਕਹਿਣਾ ਸੀ ਕਿ ਬੀਤੇ ਕੁੱਝ ਵਰ੍ਹਿਆਂ ਦੌਰਾਨ ਸਥਾਨਕ ਪੱਧਰ ਤੇ ਵਧੇ ਰੁਜਗਾਰਾਂ ਕਾਰਨ ਬਿਹਾਰ ਤੋਂ ਪਰਵਾਸੀ ਮਜ਼ਦੂਰਾਂ ਦੀ ਆਮਦ ਘਟੀ ਹੈ । ਉਨਾਂ ਦੱਸਿਆ ਕਿ ਮਨਰੇਗਾ ਸਕੀਮ ਕਾਰਨ ਵੀ ਖੇਤੀ ਸੈਕਟਰ ਵਿੱਚ ਮਜ਼ਦੂਰਾਂ ਦੀ ਕਮੀ ਹੋਈ ਹੈ । ਯਾਦਵ ਨੇ ਦੱਸਿਆ ਕਿ ਇਸ ਵਾਰ ਲੋਕਾਂ ’ਚ ਭੈਅ ਦਾ ਮਹੌਲ ਹੈ ਜਿਸ ਕਰਕੇ ਵੀ ਉਧਰੋਂ ਕਾਮੇ ਇੱਧਰ ਨਹੀਂ ਆ ਰਹੇ ਹਨ। ਉਨਾਂ ਆਖਿਆ ਕਿ ਮੰਨ ਲਿਆ ਜਾਏ ਕਿ ਲੇਬਰ ਆ ਵੀ ਜਾਂਦੀ ਹੈ ਤਾਂ ਮੌਜੂਦਾ ਪ੍ਰਸਥਿਤੀਆਂ ’ਚ ਰੋਟੀ ਦਾ ਜੁਗਾੜ ਕਿਸ ਤਰਾਂ ਹੋਵੇਗਾ ਵੱਡਾ ਸਵਾਲ ਬਣਿਆ ਹੋਇਆ ਹੈ।
ਜਿਲ੍ਹਾ ਮੋਗਾ ਦੇ ਪਿੰਡ ਸੈਦੋ ਦੇ ਕਿਸਾਨ ਨਛੱਤਰ ਸਿੰਘ ਅਤੇ ਚਮਕੌਰ ਸਿੰਘ ਦਾ ਕਹਿਣਾ ਸੀ ਕਿ ਐਤਕੀਂ ਲੇਬਰ ਨਹੀਂ ਆ ਰਹੀ ਹੈ ਤੇ ਨਾਂ ਹੀ ਮੌਸਮ ਸਾਥ ਦੇ ਰਿਹਾ ਹੈ। ਉਨਾਂ ਕਿਹਾ ਕਿ ਜਾਪਦਾ ਹੈ ਕਣਕ ਕਿਸਾਨ ਨੂੰ ਮਾਰ ਸੁੱਟੇਗੀ। ਕੋਟਗੁਰੂ ਦੇ ਕਿਸਾਨ ਸੁਖਤੇਜ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਜੇਕਰ ਕਟਾਈ ਦਾ ਕੰਮ ਇਕੱਠਾ ਹੋਵੇਗਾ ਤਾਂ ਕਣਕ ਮੰਡੀਆਂ ’ਚ ਇੱਕਦਮ ਆਏਗੀ ਜੋ ਕਿ ਸੰਕਟ ਨੂੰ ਹੋਰ ਵੀ ਡੂੰਘਾ ਕਰੇਗੀ। ਉਨਾਂ ਦੱਸਿਆ ਕਿ ਮਜ਼ਦੂਰਾਂ ਨੂੰ ਆਪਣੇ ਸੂਬਿਆਂ ਵਿੱਚ ਹੀ ਕੰਮ ਮਿਲਣ ਕਰਕੇ ਦਿਨ ਬਦਿਨ ਇਨਾਂ ਦੀ ਪੰਜਾਬ ਵਿੱਚ ਆਮਦ ਘਟ ਰਹੀ ਹੈ ਜਦੋਂ ਕਿ ਐਤਕੀਂ ਮਹਾਂਮਾਰੀ ਮਜਦੂਰਾਂ ਦੇ ਪੰਜਾਬ ਵੱਲ ਨਾ ਆਉਣ ਦਾ ਕਾਰਨ ਬਣੀ ਹੈ। ਉਨਾਂ ਆਖਿਆ ਕਿ ਪਿਛਲੇ ਕੁੱਝ ਵਰਿਆਂ ਦੌਰਾਨ ਸੀਜ਼ਨਲ ਪਰਵਾਸੀ ਲੇਬਰ ਵਿੱਚ ਆਈ ਕਮੀ ਨੇ ਹੀ ਸਮੱਸਿਆ ਵਿੱਚ ਵਾਧਾ ਕੀਤਾ ਹੈ ।
ਮਸਲੇ ਦੇ ਹੱਲ ਲਈ ਅੱਗੇ ਆਏ ਸਰਕਾਰ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਨਿਰਸੰਦੇਹ ਇਹ ਗੰਭੀਰ ਮਾਮਲਾ ਹੈ ਜਿਸ ਦੇ ਹੱਲ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨਾਂ ਆਖਿਆ ਕਿ ਸਰਕਾਰ ਇਸ ਨੂੰ ਕੌਮੀ ਸੰਕਟ ਐਲਾਨੇ ਅਤੇ ਕਿਸਾਨਾਂ ਦੇ ਵਧਣ ਵਾਲੇ ਖਰਚਿਆਂ ਦੇ ਅਧਾਰ ਤੇ ਉਨਾਂ ਦੀ ਢੁੱਕਵੀਂ ਸਹਾਇਤਾ ਦੇਵੇ। ਉਨਾਂ ਆਖਿਆ ਕਿ ਅੱਜ ਜਨਤਕ ਜੱਥੇਬੰੰਦੀਆਂ ਨੇ ਕਣਕ ਦੀ ਖਰੀਦ ਨੂੰ ਯਕੀਨੀ ਬਨਾਉਣ ਲੲਂ ਮੰਗ ਪੱਤਰ ਦਿੱਤਾ ਹੈ।