ਐਸ ਏ ਐਸ ਨਗਰ, 2 ਅਪ੍ਰੈਲ 2020: ਲੋਕਾਂ ਨੂੰ ਜਰੂਰੀ ਵਸਤਾਂ ਘਰ-ਘਰ ਪਹੁੰਚਾਉਣ ਦੀ ਦਿਸ਼ਾ 'ਚ ਇਕ ਕਦਮ ਹੋਰ ਅੱਗੇ ਵਧਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਕਰਿਆਨੇ ਸਟੋਰਾਂ ਦਾ ਡਾਟਾ ਸੂਬਾ ਸਰਕਾਰ ਦੀ ਕੋਵਾ ਐਪ 'ਤੇ ਰਜਿਸਟਰ / ਅਪਲੋਡ ਕਰ ਦਿੱਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਗਿਰੀਸ਼ ਦਿਆਲਾਨ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਕੋਵਾ ਐਪ ਨੂੰ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਲੋਕਾਂ ਲਈ ਐਮਰਜੈਂਸੀ ਲਈ ਕਰਫਿਊ ਪਾਸ ਬਣਾਉਣ, ਸਮੂਹਕ ਇਕੱਠਾਂ ਬਾਰੇ ਜਾਣਕਾਰੀ ਦੇਣ, ਘਰਾਂ ਦੇ ਕੁਆਰੰਟਾਈਨ ਮਰੀਜ਼ਾਂ ਅਤੇ ਵਿਦੇਸ਼ੀ ਯਾਤਰੀਆਂ ਬਾਰੇ ਜਾਣਨ ਲਈ ਅਤੇ ਕੋਵਿਡ -19 ਬਾਰੇ ਹੋਰ ਜਾਣਕਾਰੀ ਲਈ ਲਾਂਚ ਕੀਤਾ ਗਿਆ ਸੀ।
ਕੋਵਾ ਐਪ ਵਿਚ ਇਕ ਹੋਰ ਵਿਸ਼ੇਸ਼ਤਾ ਸ਼ਾਮਲ ਕਰਦਿਆਂ, ਹੁਣ ਪੰਜਾਬ ਪ੍ਰਸ਼ਾਸਕੀ ਸੁਧਾਰਾਂ ਬਾਰੇ ਵਿਭਾਗ ਦੁਆਰਾ ਕੋਵਾ ਐਪ ਵਿਚ ਲੋਕਾਂ ਲਈ ਲੋੜੀਂਦੀਆਂ ਵਸਤਾਂ ਨਾਲ ਸਬੰਧਤ ਹੋਮ ਡਲਿਵਰੀ ਮੋਡੀਊਲ ਲਾਂਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਕਸਦ ਲਈ ਸਥਾਨਕ ਵਿਕਰੇਤਾਵਾਂ ਨਾਲ ਭਾਈਵਾਲੀ ਕੀਤੀ ਹੈ ਅਤੇ ਲੋਕ ਹੁਣ ਖੁਦ ਹੀ ਕੋਵਾ ਐਪ ਰਾਹੀਂ ਡਿਲਿਵਰੀ ਲਈ ਆਰਡਰ ਦੇ ਸਕਦੇ ਹਨ।
ਉਹਨਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਨਾਗਰਿਕ ਸੇਵਾਵਾਂ ਦੀ ਸਪੁਰਦਗੀ ਵਿੱਚ ਸੁਧਾਰ ਲਿਆਉਣਾ ਅਤੇ ਲਾਕਡਾਊਨ ਦੌਰਾਨ ਨਾਗਰਿਕਾਂ ਦੇ ਤਜ਼ੁਰਬੇ ਨੂੰ ਅਸਾਨ ਬਣਾਉਣਾ ਹੈ। ਐਸ.ਏ.ਐਸ. ਨਗਰ ਦੇ ਲੋਕ ਜਲਦੀ ਹੀ ਇਸ ਐਪ ਰਾਹੀਂ ਕਰਿਆਨੇ ਅਤੇ ਜ਼ਰੂਰੀ ਵਸਤਾਂ ਦੀ ਸਪੁਰਦਗੀ ਲਈ ਆਰਡਰ ਕਰ ਸਕਦੇ ਹਨ।
ਲੋਕ ਕੋਵਾ ਐਪ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਘਰਾਂ ਵਿੱਚ ਹੀ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਹੋਮ ਡਿਲੀਵਰੀ ਮੋਡੀਊਲ ਦੀ ਵਰਤੋਂ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਐਪ ਨੂੰ ਪੰਜਾਬ ਸਰਕਾਰ ਨੇ ਆਪਣੀ ਨਵੀਨਤਮ ਡਿਜੀਟਲ ਪੰਜਾਬ ਟੀਮ ਦੇ ਨਾਲ ਲਾਂਚ ਕੀਤਾ ਹੈ ਅਤੇ ਇਹ ਐਪ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ 'ਤੇ ਉਪਲਬਧ ਹੈ।