ਅਸ਼ੋਕ ਵਰਮਾ
- ਜ਼ੂਮ ਐਪ ਦੇ ਜਾਦੂ ਨੇ ਕੀਲੇ ਅਧਿਆਪਕ
ਮਾਨਸਾ, 2 ਅਪ੍ਰੈਲ 2020 - ਹਾਈਟੈੱਕ ਹੋਏ ਸਿੱਖਿਆ ਵਿਭਾਗ 'ਚ ਅੱਜ ਕੱਲ੍ਹ ਜ਼ੂਮ ਐਪ ਦਾ ਜਾਦੂ ਸਿਰ ਚੜ੍ਹ ਬੋਲ ਰਿਹਾ, ਕੋਰੋਨਾ ਕਰਫ਼ਿਊ ਨਾਲ ਬੰਦ ਹੋਏ ਸਕੂਲਾਂ ਦੀ ਥਾਂ ਘਰਾਂ ਵਿੱਚ ਸਿੱਖਿਆ ਦੇਣ ਦੀ ਸਾਰੀ ਵਿਉਂਤਬੰਦੀ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੇ ਇਸ ਯੰਤਰ ਜ਼ਰੀਏ ਗੁੰਦੀ ਹੈ। ਅਧਿਆਪਕਾਂ ਵੱਲੋਂ ਪਹਿਲਾਂ ਕੋਰੋਨਾ ਦੀ ਭਿਆਨਕ ਬਿਮਾਰੀ ਬਾਰੇ ਬੱਚਿਆਂ ਤੇ ਮਾਪਿਆਂ ਨੂੰ ਜਾਗਰੂਕ ਕੀਤਾ ਤੇ ਬਾਅਦ ਵਿੱਚ ਹੁਣ ਨਵੇਂ ਸੈਸ਼ਨ ਤੋਂ ਲੋੜੀਂਦਾ ਪਾਠਕ੍ਰਮ ਭੇਜ ਕੇ ਆਨ-ਲਾਈਨ ਸਿਸਟਮ ਤਹਿਤ ਬੱਚਿਆਂ ਦੀ ਪੜ੍ਹਾਈ ਦਾ ਮੁੱਢ ਬੰਨ੍ਹ ਦਿੱਤਾ ਹੈ, ਨਾਲ ਹੀ ਅਧਿਆਪਕ ਆਪਣੇ ਸਕੂਲੀ ਬੱਚਿਆਂ ਦੇ ਘਰਾਂ ਵਿੱਚ ਕੋਈ ਮੁਸ਼ਕਲ ਨਾ ਆਵੇ, ਉਸਦੇ ਹੱਲ ਲਈ ਵੀ ਪਹਿਰਾ ਦੇ ਰਹੇ ਹਨ।
ਆਮ ਦਿਨਾਂ ਦੌਰਾਨ ਕਿਸੇ ਯੋਜਨਾਬੰਦੀ ਲਈ ਹੈੱਡ ਆਫਿਸ ਜਾਂ ਫਿਰ ਵੀਡੀਓ ਕਾਨਫਾਰੰਸ ਰਾਹੀਂ ਸੋਚ ਵਿਚਾਰ ਹੁੰਦੀ ਸੀ,ਪਰ ਔਖ ਦੀ ਇਸ ਘੜੀ ਦੌਰਾਨ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਮਿਹਨਤ ਨੇ ਵਿਭਾਗ ਵੱਲੋਂ ਅਪਣਾਏ ਇਸ ਨਵੇਂ ਯੰਤਰ ਰਾਹੀ ਸਕੂਲਾਂ ਦੀ ਗੱਡੀ ਨੂੰ ਰੇੜੇ ਪਾ ਦਿੱਤਾ ਅਤੇ ਨਵੇਂ ਵਿਦਿਅਕ ਸ਼ੈਸਨ ਦੇ ਪਹਿਲੇ ਦਿਨ ਆਨ-ਲਾਈਨ ਸਿਸਟਮ ਰਾਹੀ ਵੱਡੀ ਪੱਧਰ 'ਤੇ ਪਾਠਕ੍ਰਮ ਭੇਜਕੇ ਵਿਭਾਗ ਅਤੇ ਅਧਿਆਪਕਾਂ ਨੇ ਹਾਈਟੈੱਕ ਯੋਜਨਾਬੰਦੀ ਦਾ ਸਬੂਤ ਦਿੱਤਾ ਹੈ। ਅਧਿਆਪਕਾਂ ਨੇ ਪਹਿਲਾ ਕੋਰੋਨਾ ਬਿਮਾਰੀ ਦੀ ਚੇਨ ਤੋੜਨ ਲਈ ਵੱਡੀ ਭੂਮਿਕਾ ਨਿਭਾਈ ਅਤੇ ਬਾਅਦ ਵਿੱਚ ਘਰਾਂ ਵਿੱਚ ਬੈਠੇ ਵਿਦਿਆਰਥੀਆਂ ਨੂੰ ਪੜ੍ਹਨੇ ਪਾ ਦਿੱਤਾ ਹੈ। ਵਿਦਿਆਰਥੀ ਹੁਣ ਅਧਿਆਪਕਾਂ ਦੇ ਘਰਾਂ ਵਿੱਚ ਖ਼ੁਦ ਵੀ ਫੋਨ ਖੜਕਣ ਲੱਗੇ ਹਨ।ਅਧਿਆਪਕਾਂ ਵੱਲੋਂ ਵਟਸਐਪ ਤੇ ਹੋਰਨਾਂ ਸਾਧਨਾਂ ਰਾਹੀਂ ਭੇਜੀ ਜਾ ਰਹੀ ਨਵੀਂ ਕਲਾਸ ਦੇ ਨਵੇਂ ਪਾਠਕ੍ਰਮ ਨੇ ਵੀ ਬੱਚਿਆਂ ਵਿੱਚ ਉਤਸ਼ਾਹ ਜਗਾਇਆ ਹੈ। ਸਿੱਖਿਆ ਵਿਭਾਗ ਲਈ ਜੂਮ ਐਪ ਵੀ ਵਰਦਾਨ ਸਿੱਧ ਹੋਇਆ ਹੈ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਭਰ ਦੇ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨਾਲ ਇਸ ਤਕਨੀਕ ਜ਼ਰੀਏ ਕੀਤੀ ਜਾ ਰਹੀ ਵਿਉਂਤਬੰਦੀ ਦਾ ਸਿੱਟਾ ਇਹ ਹੈ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਸੈਸ਼ਨ ਦੇ ਪਹਿਲੇ ਦਿਨ ਸਾਰੇ ਸਕੂਲ ਬੰਦ ਹੋਣ ਦੇ ਬਾਵਜੂਦ ਅਧਿਆਪਕਾਂ ਵੱਲੋਂ ਘਰ ਬੈਠੇ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਦਾ ਪਾਠਕ੍ਰਮ ਭੇਜ ਕੇ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੂਮ ਦੇ ਜ਼ਰੀਏ ਹੁਣ ਜ਼ਿਲ੍ਹਾ ਪੱਧਰ ਤੇ ਸਿੱਖਿਆ ਅਧਿਕਾਰੀ ਸਕੂਲ ਮੁਖੀਆਂ ਨਾਲ ਮੀਟਿੰਗ ਕਰਕੇ ਸਿੱਖਿਆ ਸੁਧਾਰਾਂ ਸਬੰਧੀ ਸਾਰੀ ਵਿਉਂਤਬੰਦੀ ਕਰ ਰਹੇ ਹਨ।ਬਾਅਦ ਵਿੱਚ ਹੁਣ ਜੂਮ ਐਪ ਦੀ ਵਰਤੋਂ ਕਰਕੇ ਸਕੂਲ ਮੁਖੀ ਵੀ ਆਪਣੇ ਸਟਾਫ਼ ਨਾਲ ਮੀਟਿੰਗਾਂ ਕਰ ਰਹੇ ਹਨ।
ਸਰਕਾਰੀ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੇ ਪ੍ਰਿੰਸੀਪਲ ਡਾ.ਬੂਟਾ ਸਿੰਘ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਦੀ ਇਸ ਨਵੀਂ ਤਕਨੀਕ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਤਾਲਮੇਲ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਸਮੂਹ ਸਟਾਫ਼ ਨਾਲ ਕੀਤੀ ਮੀਟਿੰਗ ਦੌਰਾਨ ਸਭਨਾਂ ਅਧਿਆਪਕਾਂ ਨੇ ਕਿਹਾ ਕਿ ਇਸ ਨਾਲ ਭਵਿੱਖ ਵਿੱਚ ਹੋਰ ਅਹਿਮ ਸਿੱਟੇ ਸਾਹਮਣੇ ਆਉਣਗੇ।
ਸਰਕਾਰੀ ਸੈਕੰਡਰੀ ਸਕੂਲ ਮਾਨਸਾ (ਮੁੰਡੇ) ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਮਿੱਡਾ, ਸਰਕਾਰੀ ਕੰਨਿਆ ਸਕੂਲ ਭੀਖੀ ਦੇ ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਘਈ,ਸੈਕੰਡਰੀ ਸਕੂਲ ਬੋਹਾ ਦੇ ਪ੍ਰਿੰਸੀਪਲ ਪਰਮਲ ਸਿੰਘ ਅਤੇ ਸੈਕੰਡਰੀ ਸਕੂਲ ਦਾਤੇਵਾਸ ਦੇ ਪ੍ਰਿੰਸੀਪਲ ਵਿਜੇ ਕੁਮਾਰ ਨੇ ਕਿਹਾ ਹੈ ਕਿ ਭਵਿੱਖ ਦੌਰਾਨ ਹੁਣ ਸਿੱਖਿਆ ਅਧਿਕਾਰੀਆਂ ਨੂੰ ਚੰਡੀਗੜ੍ਹ ਦੇ ਗੇੜੇ ਨਹੀਂ ਮਾਰਨੇ ਪੈਣਗੇ,ਸਗੋਂ ਆਪਣੀਆਂ ਮੀਟਿੰਗਾਂ ਸਕੂਲ ਜਾਂ ਘਰ ਬੈਠੇ ਹੀ ਉੱਚ ਅਧਿਕਾਰੀਆਂ ਨਾਲ ਕਰ ਸਕਣਗੇ। ਇਸ ਮੌਕੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਸੀਨੀਅਰ ਮੈਂਬਰ ਲੈਕਚਰਾਰ ਯੋਗਿਤਾ ਜੋਸ਼ੀ ਭੈਣੀ ਬਾਘਾ, ਲੈਕਚਰਾਰ ਸੁਰਿੰਦਰ ਕੌਰ, ਸੁਦਰਸ਼ਨ ਰਾਜੂ ਡੀ ਪੀ ਈ, ਗੁਰਪ੍ਰੀਤ ਕੌਰ ਅੰਗਰੇਜ਼ੀ ਮਿਸਟ੍ਰੈਸ ਮਾਨਸਾ, ਆਰਤੀ ਸ ਸ ਸ ਸਰਦੂਲਗੜ,ਵਿਜੇ ਕੁਮਾਰ ਸੀਐਚਟੀ ਬਹਾਦੁਰਪੁਰ, ਮਨਜੀਤ ਕੁਮਾਰ ਕੁਲਹਿਰੀ, ਈਸ਼ਾ ਮੋਂਗਾ, ਗੁਰਪ੍ਰੀਤ ਚਹਿਲ ਨੇ ਵੀ ਵਿਭਾਗ ਵੱਲੋ ਅਪਣਾਈਆਂ ਜਾ ਰਹੀਆਂ ਅਧੁਨਿਕ ਵਿਧੀਆ ਨੂੰ ਵਿਦਿਆਰਥੀਆਂ ਲਈ ਵਰਦਾਨ ਦੱਸਿਆ। ਇਸ ਮੌਕੇ ਸੁਨੀਲ ਕੁਮਾਰ ਕੱਕੜ ਪ੍ਰਿੰਸੀਪਲ ਨੰਗਲ ਕਲਾਂ, ਵਿਜੇ ਕੁਮਾਰ ਪ੍ਰਿੰਸੀਪਲ ਬਾਜੇਵਾਲਾ, ਰਾਜਿੰਦਰ ਸਿੰਘ ਪਿ੍ੰਸੀਪਲ ਚਹਿਲਾਂਵਾਲੀ ਅਤੇ ਹਰਜਿੰਦਰ ਸਿੰਘ ਬਿੱਟੂ ਮੁੱਖ ਅਧਿਆਪਕ ਹਾਈ ਸਕੂਲ ਬੋੜਾਵਾਲ ਨੇ ਇਸ ਤਕਨੀਕੀ ਬਾਰੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ।