ਅਸ਼ੋਕ ਵਰਮਾ
ਬਠਿੰਡਾ, 2 ਅਪ੍ਰੈਲ 2020 - ਬਠਿੰੰਡਾ ਜ਼ਿਲ੍ਹੇ ’ਚ ਸਿੱਖਿਆ ਵਿਭਾਗ ਨੇ ਸਕੂਲ ਬੰਦ ਹੋਣ ਦੇ ਬਾਵਜੂਦ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਵਿਦਿਆਰਥੀਆਂ ਦਾ ਸਿੱਖਿਆ ਦੇ ਮਾਮਲੇ ’ਚ ਹੋਣ ਵਾਲਾ ਨੁਕਸਾਨ ਨਹੀਂ ਹੋਵੇਗਾ। ਕੋਰੋਨਾ ਕਾਰਨ ਲੱਗੇ ਕਰਫ਼ਿਊ ਦੇ ਮੱਦੇਨਜ਼ਰ ਹੁਣ ਬੱਚੇ ਘਰਾਂ ਚ ਬੈਠਕੇ ਹੀ ਆਪਣਾ ਸਾਰਾ ਸਿਲੇਬਸ ਪੂਰਾ ਕਰਨਗੇ। ਪਰ ਵਿਭਾਗ ਦੀਆਂ ਹਦਾਇਤਾਂ ਨੇ ਕਿ ਨਾ ਕੋਈ ਕਿਸੇ ਅਧਿਆਪਕ ਅਤੇ ਨਾ ਹੀ ਕਿਸੇ ਬੱਚੇ ਤੇ ਕੋਈ ਜਬਰੀ ਬੋਝ ਪਾਇਆ ਜਾਵੇਗਾ, ਸਗੋ ਬੱਚਿਆਂ, ਮਾਪਿਆਂ ਦੇ ਹਲਾਤਾਂ ਮੁਤਾਬਕ ਆਨ ਲਾਇਨ ਪੜਾਈ ਹੋਵੇਗੀ, ਨਾਲ ਹੀ ਇਸ ਔਖੀ ਘੜੀ ਸਕੂਲ ਮੁੱਖੀ, ਕਲਾਸ ਇੰਚਾਰਜ਼ ਅਪਣੀਆਂ ਕਲਾਸਾਂ ਦੇ ਸਾਰੇ ਬੱਚਿਆਂ, ਮਾਪਿਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਭਾਈਵਾਲ ਬਣਨਗੇ।
ਹਰਦੀਪ ਸਿੰਘ ਤੱਗੜ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਨੇ ਦੱਸਿਆ ਕਿ ਅੱਜ ਬਕਾਇਦਾ ਰੂਪ ਵਿੱਚ ਪ੍ਰਾਇਮਰੀ ਪੱਧਰ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਅਤੇ ਅਧਿਆਪਕਾਂ ਨੇ ਨਵੇਂ ਸੈਸ਼ਨ ਤੋਂ ਉਨਾਂ ਨੂੰ ਅਗਲੀਆਂ ਕਲਾਸਾਂ ਦੇ ਸਿਲੇਬਸ ਮੁਤਾਬਿਕ ਵੱਖ-ਵੱਖ ਵਿਸ਼ਿਆਂ ਦੇ ਮੁੱਢਲੇ ਪਾਠ ਕ੍ਰਮ ਭੇਜਣੇ ਆਰੰਭ ਕਰ ਦਿੱਤੇ ਹਨ। ਅਧਿਆਪਕਾਂ ਨੂੰ ਸਵੈ ਇੱਛਕ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪਣੇ ਲੋੜੀਂਦੇ ਸਾਧਨਾਂ ਰਾਹੀਂ ਘਰੋਂ ਘਰੀਂ ਬੈਠ ਕੇ ਬੱਚਿਆਂ ਦੇ ਘਰਾਂ ਦੇ ਮਾਹੌਲ ਮੁਤਾਬਕ ਉਨਾਂ ਨਾਲ ਰਾਬਤਾ ਕਾਇਮ ਰੱਖਣ।
ਵਿਭਾਗ ਨੇ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਪੜਾਈ ਕਰਵਾਉਣ ਦੀਆਂ ਹਦਾਇਤਾਂ ਕਿਸੇ ਅਧਿਆਪਕ ਜਾਂ ਬੱਚਿਆਂ ਤੇ ਜਬਰੀ ਨਹੀਂ ਥੋਪੀਆਂ ਜਾਣਗੀਆਂ, ਸਗੋਂ ਸੌਖੇ ਤਰੀਕੇ ਨਾਲ ਬੱਚਿਆਂ ਅਤੇ ਮਾਪਿਆਂ ਦੀਆਂ ਘਰਾਂ ਦੀਆਂ ਸਥਿਤੀਆਂ ਮੁਤਾਬਕ ਉਨਾਂ ਨੂੰ ਪੜਾਈ ਕਰਵਾਈ ਜਾਵੇਗੀ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਬੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਅੱਜ ਸਿੱਖਿਆ ਸਕੱਤਰ ਵੱਲੋਂ ਤੜਕਸਾਰ ਤੋਂ ਲੈ ਕੇ ਸਾਰਾ ਦਿਨ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨਾਲ ਜ਼ੂਮ ਐਪ ਤੇ ਕੀਤੀਆਂ ਮੀਟਿੰਗਾਂ ਵਿੱਚ ਸਪੱਸ਼ਟ ਰੂਪ ਵਿੱਚ ਕਿਹਾ ਹੈ ਕਿ ਕਰੋਨਾ ਬਿਮਾਰੀ ਦੇ ਮੱਦੇਨਜ਼ਰ ਕਿਸੇ ਵੀ ਅਧਿਕਾਰੀ, ਅਧਿਆਪਕ ਅਤੇ ਬੱਚਿਆਂ ਤੇ ਪੜਾਈ ਦਾ ਸਿਸਟਮ ਜਬਰੀ ਨਹੀਂ ਥੋਪਿਆ ਜਾ ਰਿਹਾ, ਸਗੋਂ ਲੋੜੀਂਦੇ ਮਾਹੌਲ ਮੁਤਾਬਿਕ ਕੰਮ ਕਰਨ ਲਈ ਕਿਹਾ ਗਿਆ ਹੈ।
ਜ਼ਿਲ੍ਹਾ ਬਠਿੰਡਾ ਦੇ ਉੱਪ ਜ਼ਿਲ੍ਹਾ ਸਿੱਖਿਆ ਅਫਸਰਾਂ ਬਲਜੀਤ ਸਿੰਘ ਸੰਦੋਹਾ, ਸ਼ਿਵਪਾਲ ਗੋਇਲ, ਭੁਪਿੰਦਰ ਕੌਰ ਅਤੇ ਇਕਬਾਲ ਸਿੰਘ ਬੁੱਟਰ ਨੇ ਕਿਹਾ ਕਿ ਨਵੇਂ ਸੈਸ਼ਨ ਦੇ ਮੱਦੇਨਜ਼ਰ ਸਮੂਹ ਸਕੂਲ ਮੁਖੀਆਂ ਨਾਲ ਰਾਬਤਾ ਕਾਇਮ ਰੱਖਦਿਆਂ ਬੱਚਿਆਂ ਤੇ ਮਾਪਿਆਂ ਨੂੰ ਸਭ ਤੋਂ ਪਹਿਲਾਂ ਜਾਗਰੂਕ ਕਰਨ ਉਸ ਤੋਂ ਬਾਅਦ ਉਨਾਂ ਦੇ ਘਰਾਂ ਦੀਆਂ ਸਾਰੀਆਂ ਦਿੱਕਤਾਂ ਦੇ ਅਨੁਸਾਰ ਹੀ ਪੜਾਈ ਦਾ ਕਾਰਜ ਜਾਰੀ ਰੱਖਿਆ ਗਿਆ।
ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਰਣਜੀਤ ਸਿੰਘ ਮਾਨ, ਸਮਾਰਟ ਸਕੂਲ ਕੋਆਰਡੀਨੇਟਰ ਨਿਰਭੈ ਸਿੰਘ ਭੁੱਲਰ, ਡੀ ਐਮ ਮਹਿੰਦਰਪਾਲ ਸਿੰਘ, ਅੰਗਰੇਜੀ ਤੇ ਸਮਾਜਿਕ ਸਿੱਖਿਆ ਦੇ ਕੋਆਰਡੀਨੇਟਰ ਬਾਲ ਕਿ੍ਰਸ਼ਨ ਦੱਸਿਆ ਕਿ ਵੱਖ ਵੱਖ ਵਿਸ਼ਿਆਂ ਦੀਆਂ ਫਾਈਲਾਂ ਪੀਡੀਐਫ ਦੇ ਰੂਪ ਵਿੱਚ ਵਟਸਐਪ ਗਰੁੱਪਾਂ ਰਾਹੀਂ ਭੇਜੀਆਂ ਜਾ ਰਹੀਆਂ ਹਨ।