ਅਸ਼ੋਕ ਵਰਮਾ
ਬਠਿੰਡਾ, 2 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਹੈ ਕਿ ਫਿਲਹਾਲ ਜ਼ਿਲ੍ਹੇ ਵਿਚ ਕੋਰੋਨਾ ਦਾ ਕੋਈ ਵੀ ਸ਼ੱਕੀ ਜਾਂ ਕਨਫਰਮ ਕੇਸ ਨਹੀਂ ਹੈ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਅਵੇਸਲੇ ਹੋਣ ਦਾ ਨਹੀਂ ਹੈ ਸਗੋਂ ਅਗਲੇ ਦਿਨਾਂ ਦੌਰਾਨ ਸਾਨੂੰ ਕਰਫਿਊ ਦੀ ਵਧੇਰੇ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ ਤਾਂ ਜੋ ਸਾਡੇ ਵੱਲ ਵੱਧ ਰਹੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੀ ਛੋਟੀ ਜਿਹੀ ਇੱਕ ਭੁੱਲ ਹੀ ਪੂਰੇ ਸਮਾਜ ਲਈ ਮਾਰੂ ਸਾਬਿਤ ਹੋ ਸਕਦੀ ਹੈ ਇਸ ਲਈ ਲੋਕ ਘਰਾਂ ਵਿਚ ਰਹਿਣ ਅਤੇ ਇਸ ਸਮੇਂ ਆਪਣੇ ਆਂਢ ਗੁਆਂਢ ਨਾਲ ਵੀ ਨਿੱਜੀ ਸੰਪਰਕ ਤੋਂ ਬਚਿਆ ਜਾਵੇ। ਉਨਾਂ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਨਦਸ਼ੀਲ ਸਮਾਂ ਹੈ ਜਦੋਂ ਸਾਡੇ ਲੋਕਾਂ ਵੱਲੋਂ ਵਿਖਾਏ ਸੰਜਮ ਦਾ ਲਾਭ ਸਭ ਨੂੰ ਹੋਵੇਗਾ।
ਇਸੇ ਤਰ੍ਹਾਂ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਤੱਕ ਬੁਨਿਆਦੀ ਵਸਤਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਯਤਨਸ਼ੀਲ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਲਗਾਤਾਰ ਸਾਰੇ ਵਿਭਾਗ ਕੰਮ ਕਰ ਰਹੇ ਹਨ ਅਤੇ ਸਮਾਜ ਸੇਵੀ ਇਸ ਸਬੰਧੀ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 7305 ਪਰਿਵਾਰਾਂ ਨੂੰ 8210 ਕੁਇੰਟਲ ਕਣਕ ਦੀ ਵੰਡ ਜਨਤਕ ਵੰਡ ਪ੍ਰਣਾਲੀ ਦੇ ਲਾਭਪਾਤਰੀਆਂ ਨੂੰ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸਿਰਫ ਅੱਜ ਦੇ ਦਿਨ ਜ਼ਿਲ੍ਹੇ ਵਿਚ ਵੱਖ ਵੱਖ ਗੈਸ ਏਂਜਸੀਆਂ ਵੱਲੋਂ 9187 ਗੈਸ ਸਿੰਲਡਰਾਂ ਦੀ ਸਪਲਾਈ ਕੀਤੀ ਗਈ ਹੈ।