ਚੰਡੀਗੜ੍ਹ, 03 ਅਪ੍ਰੈਲ 2020 - ਕੋਰੋਨਾ ਵਾਇਰਸ ਦੁਨੀਆਂ 'ਚ ਇਸ ਕਦਰ ਪੈਸ ਪਸਾਰ ਚੁੱਕਿਆ ਹੈ ਸਾਇਦ ਹੀ ਕੋਈ ਅਜਿਹਾ ਮੁਲਕ ਹੋਵੇਗਾ ਜੋ ਇਸ ਦੀ ਮਾਰ ਤੋਂ ਬਚਿਆ ਹੋਵੇ। ਹਾਲਾਤ ਅਜਿਹੇ ਹੋ ਗਏ ਨੇ ਕਿ ਭਾਰਤ ਸਮੇਤ ਬਹੁਤੇ ਦੇਸ਼ਾਂ ਨੇ ਲਾਕ ਡਾਊਨ ਲਾਇਆ ਹੋਇਆ ਹੈ ਤਾਂ ਜੋ ਵਾਇਰਸ ਦੀ ਇਸ ਚੇਨ ਨੂੰ ਤੋੜਿਆ ਜਾ ਸਕੇ ਅਤੇ ਦੁਨੀਆਂ ਭਰ ਦੇ ਲੋਕ ਵੀ ਘਰਾਂ 'ਚ ਰਹਿਣ ਨੂੰ ਹੀ ਆਪਣੀ ਭਲਾਈ ਸਮਝ ਰਹੇ ਹਨ।
ਪਰ ਇਸ ਦਾ ਦੂਜਾ ਪੱਖ ਜਾਨਵਰਾਂ ਅਤੇ ਪੰਛੀਆਂ ਲਈ ਆਜ਼ਾਦੀ ਦੀ ਖੁੱਲ੍ਹ 'ਚ ਵਾਧਾ ਹੋਇਆ ਹੈ। ਅਜਿਹੀਆਂ ਹੀ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜੋ ਕਿ ਲੇਕ ਕਲੱਬ ਚੰਡੀਗੜ੍ਹ ਦੀਆਂ ਦੱਸੀਆਂ ਜਾ ਰਹੀਆਂ ਹਨ ਜਿਸ 'ਚ ਹਿਰਨ, ਇਨਸਾਨ ਦੇ ਘਰਾਂ 'ਚ ਕੈਦ ਹੋ ਜਾਣ ਤੋਂ ਬਾਅਦ ਸੜਕਾਂ ਅਤੇ ਪਾਰਕਾਂ 'ਚ ਬੇ-ਖੌਫ ਘੁੰਮਦੇ ਹੋਏ ਨਜ਼ਰ ਆ ਰਹੇ ਹਨ।
ਜਿੱਥੇ ਕਿ ਕੋਰੋਨਾ ਵਾਇਰਸ ਦੇ ਕਾਰਨ ਸਮੁੱਚੇ ਸੰਸਾਰ ਦੀ ਅਰਥ ਵਿਵਸਥਾ ਨੂੰ ਧੱਕਾ ਲੱਗਿਆ ਹੈ ਉੱਥੇ ਹੀ ਜੇ ਕੁਦਰਤੀ ਪੱਖ ਤੋਂ ਦੇਖਿਆ ਜਾਵੇ ਤਾਂ ਕਈ ਗੱਲਾਂ ਵਧੀਆਂ ਵੀ ਹੋਈਆਂ ਹਨ ਜਿਵੇਂ ਕਿ ਫੈਕਟਰੀਆਂ ਅਤੇ ਮੋਟਰ ਗੱਡੀਆਂ ਦੇ ਬੰਦ ਹੋ ਜਾਣ ਕਾਰਨ ਪ੍ਰਦੂਸ਼ਣ ਦਾ ਲੈਵਲ ਵੀ ਬਹੁਤ ਜ਼ਿਆਦਾ ਘੱਟ ਗਿਆ ਹੈ। ਜਾਨਵਰਾਂ ਅਤੇ ਪੰਛੀਆਂ ਨੂੰ ਵੀ ਖੁੱਲ੍ਹ ਮਿਲੀ ਹੈ ਉਹ ਵੀ ਇਨਸਾਨ ਦੇ ਘਰਾਂ 'ਚ ਰਹਿਣ ਕਾਰਨ ਆਪਣੀ ਆਜ਼ਾਦੀ ਮਾਣ ਰਹੇ ਹਨ।