ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2020 - ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਨੇ ਆਖਿਆ ਹੈ ਕਿ ਪੰਜਾਬ ’ਚ ਲਾਏ ਕਰਫਿਊ ਦਾ ਸਭ ਤੋਂ ਵੱਧ ਅਸਰ ਰੋਜਾਨਾ ਮਿਹਨਤ ਮਸ਼ੱਕਤ ਕਰਕੇ ਆਪਣੇ ਪਰੀਵਾਰ ਨੂੰ ਪਾਲਣ ਵਾਲੇ ਦਿਹਾੜੀਦਾਰ ਕਾਮਿਆਂ,ਰਿਕਸ਼ਾ ਚਾਲਕਾਂ, ਰੇੜ-ਫੜੀ ਵਾਲਿਆਂ , ਛੋਟੇ ਦੁਕਾਨਦਾਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਉਪਰ ਪਿਆ ਹੈ। ਜੱਥੇਬੰਦੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਕਾਰਨਾ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਉਪਰ ਵੀ ਮ;ੜਾ ਪ੍ਰਭਾਵ ਵੇਖਣ ਨੂੰ ਮਿਲਿਆ ਹੈ । ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ, ਵਿੱਤ ਸਕੱਤਰ ਐਚ ਐਸ ਰਾਣੂ, ਸੀ: ਮੀਤ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ , ਸਲਾਹਕਾਰ ਸੁਰਜੀਤ ਸਿੰਘ ਆਦਿ ਦੀ ਆਪਸ ਵਿੱਚ ਵੀਡੀਓ ਕਾਨਫਰੰਸ ਰਾਹੀਂ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਨਾਲ ਨਜਿੱਠਨ ਲਈ ਸਰਕਾਰ ਵੱਲੋਂ ਲਾਏ ਗਏ ਕਰਫਿੳੂ ਦੌਰਾਨ ਘਰਾਂ ਅੰਦਰ ਹੀ ਰਹਿਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਆਗੂਆਂ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕੋਈ ਬਲੱਡ ਪ੍ਰੈਸਰ ਦਾ ਮਰੀਜ ਹੈ, ਕਿਸੇ ਨੂੰ ਸੂਗਰ ਅਤੇ ਕੋਈ ਅਲਰਜੀ ਦਾ ਜਦੋਂਕਿ ਬਹੁਤ ਸਾਰੇ ਲੋਕ ਗੰਭੀਰ ਬਿਮਾਰੀਆਂ ਕਾਰਨ ਰੋਜਾਨਾ ਕੋਈ ਨਾ ਕੋਈ ਦਵਾਈ ਖਾਂਦੇ ਹਨ । ਉਨਾਂ ਆਖਿਆ ਕਿ ਪ੍ਰਾਈਵੇਟ ਹਸਪਤਾਲਾਂ ਨੇ ਓਪੀਡੀ ਬੰਦ ਕਰ ਰੱਖੀ ਹੈ ਅਤੇ ਕਰਫਿਊ ਕਾਰਨ ਸਰਕਾਰੀ ਹਸਪਤਾਲਾਂ ਅੰਦਰ ਮਰੀਜਾਂ ਨੂੰ ਪਹੁੰਚਣ ਵਿੱਚ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ’ਚ ਜਿਹੜੀਆਂ ਥੋੜੀਆਂ -ਮੋਟੀਆਂ ਮੁਢੱਲੀਆਂ ਸਿਹਤ ਸੇਵਾਵਾਂ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਦਿਤੀਆਂ ਜਾਂਦੀਆਂ ਸਨ ਉਹ ਵੀ ਬੰਦ ਹਨ , ਜਿਸ ਕਾਰਨ ਲੋਕ ਭਾਰੀ ਮੁਸਕਿਲਾਂ ਦਾ ਸਾਹਮਣਾ ਕਰ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਹੰਗਾਮੀ ਹਾਲਤ ਐਲਾਨੇ ਅਤੇ ਪ੍ਰਾਈਵੇਟ ਡਾਕਟਰਾਂ ਦੀਆਂ ਸੇਵਾਵਾਂ ਸਰਕਾਰੀ ਤੌਰ ਤੇ ਲਵੇ, ਉਨਾਂ ਦੇ ਹਸਪਤਾਲਾਂ ਅੰਦਰ ਮੌਜ਼ੂਦ ਆਈ ਸੀ ਯੂ, ਵੈਂਟੀਲੇਟਰਾਂ ਅਤੇ ਇਸ ਮਹਾਂਮਾਰੀ ਨਾਲ ਨਜਿੱਠਨ ਲਈ ਲੋੜੀਂਦੇ ਹੋਰ ਸਾਜੋ ਸਾਮਾਨ ਨੂੰ ਕੌਮੀ ਸੰਪਤੀ ਐਲਾਨ ਕਵਰਤੋਂ ਕਰੇ।
ਉਨਾਂ ਆਖਿਆ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪਿੰਡਾਂ ਤੇ ਸਹਿਰਾਂ ਦੀਆਂ ਗਰੀਬ ਬਸਤੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਲੋਕਾਂ ਨੂੰ ਮੁਢੱਲੀਆਂ ਸਿਹਤ ਸੇਵਾਵਾਂ ਦਿੰਦੇ ਆ ਰਹੇ ਮੈਡੀਕਲ ਪ੍ਰੈਕਟੀਸਨਰਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਦੇ ਹੋਏ ਇੱਕ ਦਾਇਰੇ ਅੰਦਰ ਰਹਿ ਕੇ ਮੁਢੱਲੀਆਂ ਸਿਹਤ ਸੇਵਾਵਾਂ ਦੇਣ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕਰੋਨਾ ਦੇ ਮਰੀਜਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਡਾਕਟਰਾਂ, ਨਰਸਿੰਗ ਸਟਾਫ, ਸਹਾਇਕ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਲਈ ਲੋੜੀਂਦੀਆਂ ਸੇਫਟੀ ਕਿੱਟਾਂ ਫੌਰੀ ਮੁਹੱਈਆ ਕਰਵਾਉਣ ਦੀ ਲੋੜ ਹੈ ਕਿਉਂਕਿ ਇਹ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ।
ਉਨਾਂ ਨੇ ਆਮ ਲੋਕਾਂ ਨੂੰ ਵੀ ਇਸ ਮਹਾਂਮਾਰੀ ਤੋਂ ਬਚਣ ਲਈ ਉਹ ਆਪਣੇ ਘਰਾਂ ਅੰਦਰ ਹੀ ਰਹਿਣ , ਆਪਸੀ ਦੂਰੀ ਬਣਾ ਕੇ ਰੱਖਣ , ਸਮੇਂ ਸਮੇਂ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਧੋਂਦੇ ਰਹਿਣ, ਜਰੂਰੀ ਕੰਮ ਲਈ ਘਰ ਤੋਂ ਬਾਹਰ ਨਿਕਲਣ ਦੀ ਲੋੜ ਪਵੇ ਤਾਂ ਮੂੰਹ ਉਪਰ ਮਾਸਕ ਬੰਨ ਕੇ ਨਿਕਲਣ , ਇਕੱਠ ਵਿੱਚ ਜਾਣ ਤੋਂ ਗੁਰੇਜ ਕਰਨ, ਘਰ ਵਿਚ ਕਿਸੇ ਨੂੰ ਨਜ਼ਲਾ, ਖੰਘ ਤੇ ਬੁਖਾਰ ਹੋ ਜਾਵੇ ਤਾਂ ਫੌਰੀ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਓਣ ,ਉਸ ਤੋਂ ਦੂਰੀ ਬਣਾ ਕੇ ਰੱਖਣ , ਛਿੱਕ ਜਾਂ ਖਾਂਸੀ ਆਉਣ ਸਮੇਂ ਆਪਣੇ ਮੂੰਹ ਨੂੰ ਰੁਮਾਲ, ਟਿਸ਼ੂ ਪੇਪਰ ਜਾਂ ਆਪਣੀ ਬਾਂਹ ਨਾਲ ਢੱਕਣ ਅਤੇ ਸੋਸਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦਾ ਵੀ ਸੱਦਾ ਦਿੱਤਾ।
ਆਗੂਆਂ ਨੇ ਰਜਿਸਟਰਡ ਤੇ ਅਣਰਜਿਸਟਰਡ ਮਜਦੂਰਾਂ ਦੇ ਖਾਤਿਆਂ ’ਚ 5-5 ਹਜ਼ਾਰ ਰੁਪਏ ਪਾਉਣ, , ਨਰੇਗਾ ਮਜਦੂਰਾਂ ਵੱਲੋਂ ਕੀਤੇ ਕੰਮਾਂ ਦਾ ਸਰਕਾਰ ਵੱਲ ਬਕਾਇਆ ਕਰੋੜਾਂ ਰੁਪਈਆ ਜਲਦੀ ਜਾਰੀ ਕਰਨ, ਗਰੀਬ ਪ੍ਰੀਵਾਰਾਂ ਨੂੰ ਰਾਸ਼ਨ ਅਤੇ ਹੋਰ ਲੋੜੀਂਦੀ ਸਮੱਗਰੀ ਅਤੇ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਾਉਣ ਦੀ ਅਪੀਲ ਵੀ ਕੀਤੀ।