ਫਿਰੋਜ਼ਪੁਰ, 4 ਅਪ੍ਰੈਲ 2020 - ਕੋਰੋਨਾ ਦੀ ਆਮ ਲੋਕਾਂ ਤੇ ਝੁੱਲ ਰਹੀ ਹਨੇਰੀ ਨੇ ਜਿਥੇ ਹਰੇਕ ਵਰਗ ਨੂੰ ਹੀ ਪ੍ਰਭਾਵਿਤ ਕੀਤਾ ਹੋਇਆ ਹੈ, ਉਥੇ ਗਰੀਬ ਦਿਹਾੜੀਦਾਰ ਕਾਮਿਆਂ ਤੇ ਕਰਫਿਓ ਲੱਗਾ ਹੋਣ ਕਾਰਨ ਇਸ ਵਰਗ 'ਤੇ ਦੋਹਰੀ ਮਾਰ ਪੈਂਦੀ ਦਿਖਾਈ ਦੇ ਰਹੀ ਹੈ, ਕਿਉਂਕਿ ਉਹ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਭੁੱਖੇ ਰਹਿਣ ਲਈ ਮਜ਼ਬੂਰ ਹਨ। ਇਨ੍ਹਾਂ ਲੋਕਾਂ ਦੀ ਮਦਦ ਲਈ ਜਿਥੇ ਹੋਰ ਕਈ ਸੰਸਥਾਵਾਂ ਸਰਗਰਮ ਹੋ ਰਹੀਆਂ ਹਨ, ਉਥੇ ਇਲਾਕੇ ਦੀ ਉਘੀ ਸਮਾਜ ਸੇਵੀ ਸੰਸਥਾ ਵਿਚ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਵਰਕਰ ਅਜਿਹੇ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਹੋਏ ਪਿਛਲੇ 9 ਦਿਨਾਂ ਤੋਂ ਇਨ੍ਹਾਂ ਭੁੱਖੇ ਗਰੀਬ ਲੋਕਾਂ ਲਈ ਮਸੀਹਾ ਬਣ ਇਨ੍ਹਾਂ ਦਾ ਪੇਟ ਭਰਨ ਲਈ ਪੂਰੇ ਸਰਗਰਮ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਵਰਕਰਾਂ ਵੱਲੋਂ ਕਈ ਗੁਰਦੁਆਰਾ ਕਮੇਟੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ, ਜਿਥੇ ਤਰ੍ਹਾਂ ਤਰ੍ਹਾਂ ਦੇ ਲੰਗਰ ਬਣਾ ਕੇ ਲੋੜਵੰਦ ਲੋਕਾਂ ਦੀ ਪਛਾਣ ਕਰ ਉਥੇ ਘਰ-ਘਰ ਉਨ੍ਹਾਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ, ਜਿਸ ਦੀ ਸਮੁੱਚੇ ਇਲਾਕੇ ਵਿਚ ਚਰਚਾ ਜੋਰਾਂ 'ਤੇ ਹੈ। ਫੈਡਰੇਸ਼ਨ ਦੀ ਇਸ ਟੀਮ ਵਿਚ ਭਾਈ ਜਸਪਾਲ ਸਿੰਘ, ਭਗਵਾਨ ਸਿੰਘ ਦੜਿਆਲਾ, ਸੁਖਦੇਵ ਸਿੰਘ ਲਾਡਾ, ਮਨਜੀਤ ਸਿੰਘ ਔਲਖ, ਗਗਨਦੀਪ ਸਿੰਘ ਚਾਵਲਾ, ਹਰਜਿੰਦਰ ਸਿੰਘ ਬੱਗਾ, ਜਸਬੀਰ ਸਿੰਘ ਤੇਗਾ ਸਿੰਘ ਵਾਲਾ, ਕੁਲਦੀਪ ਸਿੰਘ ਨੰਢਾ, ਲਾਭ ਸਿੰਘ ਸਿੱਧੂ, ਕੁਲਦੀਪ ਸਿੰਘ, ਨਿਰਮਲ ਸਿੰਘ ਭੋਲਾ, ਹਰਪਿੰਦਰ ਸਿੰਘ ਆਦਿ ਕਈ ਆਗੂ ਸੇਵਾ ਵਿਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ।