ਅਸ਼ੋਕ ਵਰਮਾ
ਮੋਗਾ, 4 ਅਪ੍ਰੈਲ 2020 - ਕਰਫਿਊ ਦੀ ਬਿਪਤਾ ਨੇ ਪੰਜਾਬ ’ਚ ਕੋਰੋਨਾ ਦਾ ਖ਼ੌਫ ਭਾਵੇਂ ਘਟਾ ਦਿੱਤਾ ਹੈ ਪਰ ਖੁਰਾਕੀ ਵਸਤਾਂ ਦੀ ਥੁੜ ਨੇ ਲੋਕਾਂ ਦੇ ਫਿਕਰ ਵਧਾ ਦਿੱਤੇ ਹਨ। ਅਜਿਹੇ ਵਕਤ ਦੌਰਾਨ ਮੋਗਾ ਜਿਲੇ ਦਾ ਪਿੰਡ ਰਣਸੀਂਹ ਕਲਾਂ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਇਹ ਪਿੰਡ ਪਹਿਲਾਂ ਜਲ ਸੰਭਾਲ ਦੇ ਮਾਮਲੇ ’ਚ ਨਾਮਨਾ ਖੱਟ ਚੁੱਕਿਆ ਹੈ। ਇਵੇਂ ਹੀ ਪੰਚਾਇਤ ਨੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ’ਚ ਵੀ ਮੱਲ ਮਾਰੀ ਹੈ। ਪਿੰਡ ਦੀ ਵਿਕਾਸ ਟੀਮ ਵੱਲੋਂ ਕੋਰੋਨਾ ਵਾਇਰਸ ਦੇ ਖਤਰਿਆਂ ਕਾਰਨ ਪਿੰਡ ਵਾਸੀਆਂ ਦੀ ਹਿਫ਼ਾਜਤ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਪਿੰਡ ’ਚ ਸਪਰੇਅ ਕਰਕੇ ਸੈਨੀਟਾਇਜ਼ ਕੀਤਾ ਗਿਆ ਹੈੇ।
ਹੁਣ ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤਇੰਦਰਪਾਲ ਸਿੰਘ ਉਰਫ ਮਿੰਟੂ ਸਰਪੰਚ ਦੀ ਅਗਵਾਈ ਹੇਠ ਲਾਗਲੇ ਪਿੰਡਾਂ ਦੇ ਲੋੜਵੰਦ ਪ੍ਰੀਵਾਰਾਂ ਨੂੰ ਖਾਣ ਪੀਣ ਦਾ ਜਰੂਰੀ ਰਾਸ਼ਨ ਵੰਡਿਆ ਜਾ ਰਿਹਾ ਹੈ। ਇਹ ਟੀਮ ਭਾਵੇਂ ਰਾਸ਼ਨ ਦੇ ਮੋਰਚੇ ’ਤੇ ਉੱਤਰੀ ਹੋਈ ਹੈ ਪਰ ਕਰੋਨਾ ਦੇ ਕਹਿਰ ਤੋਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਨਾਮੁਰਾਦ ਬਿਮਾਰੀ ਕਰਕੇ ਲਾਏ ਕਰਫਿਊ ਕਾਰਨ ਕੰਮ ਕਾਰ ਅਤੇ ਬਜ਼ਾਰ ਬੰਦ ਹੋ ਗਏ ਤਾਂ ਕਾਫੀ ਪਰਿਵਾਰਾਂ,ਖ਼ਾਸ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦੀ ਦਿੱਕਤ ਆ ਰਹੀ ਸੀ। ਇਸ ਨੂੰ ਦੇਖਦਿਆਂ ਪਿੰਡ ਦੀ ਪੰਚਾਇਤ ਨੇ ਪ੍ਰਸ਼ਾਸ਼ਨ ਕੋਲ ਪੁਹੰਚ ਕੀਤੀ ਤਾਂ ਅਧਿਕਾਰੀਆਂ ਨੇ ਹਰੀ ਝੰਡੀ ਦਿਖਾ ਦਿੱਤੀ। ਉਸ ਮਗਰੋਂ ਪਿੰਡ ਦੇ ਸਰਪੰਚ ਟੀਮ ਨਾਲ ਮਿਸ਼ਨ ’ਚ ਜੁਟ ਗਏ ਜੋਕਿ ਲਗਾਤਾਰ ਜਾਰੀ ਹੈ।
ਇਸ ਭਿਆਨਕ ਬਿਮਾਰੀ ਵਿੱਚ ਜਦੋਂ ਹਰ ਕੋਈ ਘਰ ਰਹਿਣ ਨੂੰ ਤਰਜ਼ੀਹ ਦੇ ਰਿਹਾ ਹੈ, ਤਾਂ ਇਹ ਨੌਜਵਾਨ ਰੋਜਾਨਾਂ ਵੱਖ ਵੱਖ ਪਿੰਡਾਂ ਵਿੱਚ ਜ਼ਾ ਕੇ ਰਾਸ਼ਨ ਦੀ ਸੇਵਾ ਕਰ ਰਹੇ ਹਨ। ਵੱਡੇ ਤੇ ਛੋਟੇ ਸ਼ਹਿਰਾਂ ਵਿਚ ਦੁਕਾਨਦਾਰਾਂ ਕੋਲ ਖੁਰਾਕੀ ਵਸਤਾਂ ਦੇ ਭੰਡਾਰ ਮੁੱਕਣ ਲੱਗੇ ਹਨ ਪਰ ਇਹ ਪਿੰਡ ਹਰ ਯਤਨ ਕਰਕੇ ਲੁੜੀਂਦੀਆਂ ਵਸਤਾਂ ਦਾ ਪ੍ਰਬੰਧ ਕਰ ਰਿਹਾ ਹੈ। ਮਿੰਟੂ ਸਰਪੰਚ ਦੀ ਅਗਵਾਈ ਹੇਠਲੀ ਟੀਮ ਨੇ ਦਿਨ ਰਾਤ ਇੱਕ ਕਰ ਦਿੱਤਾ ਹੈ ਜਿਸ ਦਾ ਇੱਕੋ ਨਿਸ਼ਾਨਾ ਹੈ ਕਿ ਕੋਈ ਭੁੱਖਾ ਨਾ ਸੌਂਵੇ। ਪਿੰਡ ਦੀ ਟੀਮ ਤਰਫੋਂ ਚੰਗੇ ਮਾੜੇ ਮੌਯਮ ਦੀ ਪ੍ਰਵਾਹ ਨਾਂ ਕਰਦਿਆਂ ਰਾਸ਼ਨ ਮੋਰਚੇ ’ਤੇ ਵੰਡ ਵੰਡਾਰੇ ਦੀ ਮੁਹਿੰਮ ਪੂਰੀ ਤੇਜੀ ਨਾਲ ਚੱਲ ਰਹੀ ਹੈ। ਅੱਜ ਅੱਠਵੇਂ ਦਿਨ ਵੀ ਪਿੰੰਡ ਦੇ ਨੌਜਵਾਨਾਂ ਨੇ ਆਪਣੀ ਮੁਹਿੰਮ ਨੂੰ ਜਾਰੀ ਰੱਖਿਆ ਹੋਇਆ ਹੈ।
ਇਸ ਕੰਮ ਲਈ ਦਾਨੀ ਸੱਜਣਾਂ ਦੀ ਘਾਟ ਨਹੀਂ ਹੈ ਜੋਕਿ ਬਾਬੇ ਨਾਨਕ ਦੇ ਕਿਰਤ ਕਰੋ ਤੇ ਵੰਡ ਛਕੋ ਦੇ ਫਲਸਫੇ ਤੇ ਪਹਿਰਾ ਦੇ ਰਹੇ ਹਨ। ਇੰਨਾਂ ਦਾਨੀਆਂ ’ਚ ਸਥਾਨਕ ਲੋਕ ਵੀ ਹਨ ਅਤੇ ਵਿਦੇਸ਼ਾਂ ’ਚ ਵਸੇ ਭਾਰਤੀਆਂ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਅਮਰੀਕਾ ਤੋਂ ਰਾਜ ਸਿੰਘ ਗਿੱਲ ਨੇ ਇੱਕ ਲੱਖ ਰੁਪਏ ਦੀ ਸੇਵਾ ਰਾਸ਼ਨ ਲਈ ਕੀਤੀ ਹੈ। ਜਦੋਂ ਉਨਾਂ ਨੂੰ ਪਤਾ ਲੱਗਿਆ ਕਿ ਕਰਫਿਊ ਕਾਰਨ ਤੰਗੀ ਆ ਰਹੀ ਹੈ ਤਾਂ ਬਹੁਤ ਹੀ ਵਧੀਆ ਸੁਭਾਅ ਦੇ ਇਸ ਦਾਨੀ ਸੱਜਣ ਨੇ ਦੇਰ ਨਹੀਂ ਲਾਈ ਤਾਂ ਜੋ ਕੋਈ ਲੋੜਵੰਦ ਤੰਗੀ ਨਾਂ ਮਹਿਸੂਸ ਕਰੇ। ਪਿੰਡ ਰਣਸ਼ੀਹ ਕਲਾਂ ਵਿੱਚ ਗ੍ਰਾਮ ਪੰਚਾਇਤ ਨੇ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਿਸ ਲਈ ਆਰਥਿਕ ਸਹਾਇਤਾ ਪਿੰਡ ਦੇ ਦਾਨੀ ਸੱਜਣਾਂ ਨੇ ਕੀਤੀ ਹੈ ਜਦੋਂਕਿ ਹੋਰ ਵੀ ਪਿੰਡ ਦੇ ਕਈ ਵਿਅਕਤੀਆਂ ਵੱਲੋਂ ਮਾਇਆ ਦੀ ਪੇਸ਼ਕਸ਼ ਕੀਤੀ ਹੈ।
ਸਮਾਜ ਸੇਵਾ ਦਾ ਪ੍ਰਣ: ਮਿੰਟੂ ਸਰਪੰਚ
ਸਰਪੰਚ ਪ੍ਰੀਤਇੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਜਦੋਂ ਤੱਕ ਸਾਹ ਵਗਦੇ ਹਨ ਹਵਾ ਦੇ ਉਲਟ ਉੱਡਣ ਦਾ ਫੈਸਲਾ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਇਹ ਸੇਵਾ ਹੈ, ਕਿਸੇ ਤੇ ਕੋਈ ਅਹਿਸਾਨ ਨਹੀਂ ਬਲਕਿ ਪੰਜਾਬ ਦੀ ਅਮੀਰ ਵਿਰਾਸਤ ਤੇ ਪਹਿਰਾ ਦੇਣ ਦਾ ਯਤਨ ਹੈ। ਉਨਾਂ ਆਖਿਆ ਕਿ ਰਾਸ਼ਨ ਵੰਡਣ ਦੀ ਇਸ ਸੇਵਾ ’ਚ ਦਾਨੀ ਸੱਜਣਾਂ ਦਾ ਵੱਡਾ ਯੋਗਦਾਨ ਹੈ ਅਤੇ ਪਿੰਡ ਦੇ ਨੌਜਵਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਘਰ ਘਰ ਸਮਾਨ ਪੁੱਜਦਾ ਕਰ ਰਹੇ ਹਨ। ਉਨਾਂ ਸਮੂਹ ਦਾਨੀਆਂ ਅਤੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ , ਐਸਡੀਐਮ ਨਿਹਾਲ ਸਿੰਘ ਵਾਲਾ ਰਾਮ ਸਿੰਘ ਅਤੇ ਤਹਿਸੀਲਦਾਰ ਭੁਪਿੰਦਰ ਸਿੰਘ ਦੇ ਨਾਲ ਨਾਲ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ।