ਅਸ਼ੋਕ ਵਰਮਾ
- ਕਿਸਾਨ ਮਜਦੂਰ ਧਿਰਾਂ ਵੱਲੋਂ ਸੰਜਮ ਵਰਤਣ ਦੀ ਅਪੀਲ
ਬਠਿੰਡਾ, 4 ਅਪ੍ਰੈਲ 2020 - ਕੋਰੋਨਾ ਦੇ ਖੌਫ਼, ਬਿਨਾਂ ਤਿਆਰੀ ਤੋਂ ਕੀਤੇ ਲਾਕਡਾਊਨ ਅਤੇ ਕਰਫਿਊ ਕਾਰਨ ਆਫ਼ਤ ਮੂੰਹ ਧੱਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਹਿਰਦਤਾ ਨਾਲ ਹੱਲ ਕਰਨ ਦੀ ਥਾਂ ਸਰਕਾਰ ਵੱਲੋਂ ਹੁਣ ਲੋਕਾਂ ਤੋਂ ਹੀ ਪਿੰਡਾਂ ਦੀ ਨਾਕਾਬੰਦੀ ਕਰਾਉਣ ਨਾਲ ਪੈਦਾ ਹੋ ਰਹੀਆਂ ਵੱਖ-ਵੱਖ ਸਮੱਸਿਆਵਾਂ ’ਤੇ ਚਿੰਤਾ ਜਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਲੋਕਾਂ ਨੂੰ ਸੁਚੇਤ ਰਹਿਣ ਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਬਿਆਨ ਰਾਹੀਂ ਆਖਿਆ ਕਿ ਕਰੋਨਾ ਤੋਂ ਬਚਾਓ ਲਈ ਸਮਾਜਿਕ ਦੂਰੀ ਬਣਾ ਕੇ ਰੱਖਣਾ ਤਾਂ ਇੱਕ ਅਹਿਮ ਕਦਮ ਬਣਦਾ ਹੈ ਪਰ ਸਮਾਜਿਕ ਵਰਤ ਵਿਹਾਰ ਬੰਦ ਕਰਨਾ ਅਤੇ ਇੱਕ ਦੂਜੇ ਪ੍ਰਤੀ ਸਮਾਜਿਕ ਨਫ਼ਰਤ ਦਾ ਪਸਾਰਾ ਕਰਨਾ ਮਨੁੱਖੀ ਸਮਾਜ ਲਈ ਅਤਿ ਅੰਤ ਘਾਤਕ ਹੈ।
ਉਹਨਾਂ ਆਖਿਆ ਕਿ ਇਸ ਸਮੇਂ ਸੰਕਟ ਮੂੰਹ ਆਏ ਲੋਕਾਂ ਲਈ ਦੁੱਧ, ਰਾਸ਼ਨ ਤੇ ਦਵਾਈਆਂ ਆਦਿ ਦੇ ਢੁੱਕਵੇਂ ਪ੍ਰਬੰਧਾਂ ਪ੍ਰਤੀ ਹਕੂਮਤ ਵੱਲੋਂ ਵਿਖਾਈ ਜਾ ਰਹੀ ਸਿਆਸੀ ਬੇਰੁਖੀ, ਹੈਂਕੜ ਭਰੇ ਰਵੱਈਏ ਤੇ ਪੁਲਿਸ ਸਖਤੀ ਕਾਰਨ ਲੋਕਾਂ ’ਚ ਸਰਕਾਰਾਂ ਖਿਲਾਫ਼ ਵਧ ਰਹੇ ਰੋਸ ਤੋਂ ਆਪਣਾ ਬਚਾਅ ਕਰਦਿਆਂ ਪੰਜਾਬ ਸਰਕਾਰ ਨੇ ਪਿੰਡਾਂ ਦੇ ਨੌਜਵਾਨਾਂ ਤੇ ਆਮ ਲੋਕਾਂ ਨੂੰ ਬਿਨਾਂ ਕਿਸੇ ਸਿਖਲਾਈ ਤੋਂ ਬਲਦੀ ਦੇ ਬੱੁਥੇ ਝੋਕ ਦਿੱਤਾ ਹੈ। ਉਹਨਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਮਾਹਰ ਤੇ ਸੰਸਥਾਵਾਂ ਵਾਰ-ਵਾਰ ਕਹਿ ਰਹੀਆਂ ਹਨ ਕਿ ਕਰੋਨਾ ਤੋਂ ਬਚਾਓ ਲਈ ਸਮਾਜਿਕ ਦੂਰੀ ਤੇ ਸਾਵਧਾਨੀਆਂ ਇੱਕ ਕਦਮ ਹਨ ਪਰ ਮਰੀਜ਼ਾਂ ਦੀ ਭਾਲ, ਟੈਸਟ ਤੇ ਇਲਾਜ ਦੇ ਪੁਖਤਾ ਪ੍ਰਬੰਧ (ਖਾਸ ਕਰਕੇ ਵੈਂਟੀਲੇਟਰਾਂ) ਤੋਂ ਬਿਨਾਂ ਇਸ ਬਿਮਾਰੀ ਤੋਂ ਬਚਣਾ ਮੁਸ਼ਕਲ ਹੈ। ਪਰ ਇਸਦੇ ਬਾਵਜੂਦ ਸਾਡੀਆਂ ਸਰਕਾਰਾਂ ਇਲਾਜ ਤੇ ਬਚਾਅ ਦੇ ਇਸ ਵੱਡੇ ਤੇ ਅਹਿਮ ਪੱਖ ਨੂੰ ਅਣਗੌਲਿਆ ਕਰ ਰਹੀਆਂ ਹਨ ਅਤੇ ਇਸ ਬਿਮਾਰੀ ਬਾਰੇ ਵਧਵੀਂ ਦਹਿਸ਼ਤ ਫੈਲਾਕੇ ਕਰੋਨਾ ਪੀੜਤਾਂ ਪ੍ਰਤੀ ਹਮਦਰਦੀ ਦੀ ਥਾਂ ਨਫ਼ਰਤ ਦਾ ਪਸਾਰਾ ਕਰਕੇ ਸਮਾਜਿਕ ਭਾਈਚਾਰੇ ਨੂੰ ਖਤਮ ਕਰਨ ਦਾ ਮਾਹੌਲ ਸਿਰਜ ਰਹੀਆਂ ਹਨ।
ਉਨਾਂ ਕਿਹਾ ਕਿ ਇਸ ਦਹਿਸ਼ਤ ਵਾਲੇ ਮਾਹੌਲ ਦਾ ਸਿੱਟਾ ਹੈ ਕਿ ਪ੍ਰਦਮ ਸ੍ਰੀ ਤੇ ਉੱਘੇ ਹਜੂਰੀ ਰਾਗੀ ਸ੍ਰੀ ਨਿਰਮਲ ਸਿੰਘ ਦਾ ਅੰਤਿਮ ਸੰਸਕਾਰ ਕਰਨ ਲਈ ਵੀ ਵੇਰਕਾ ਵਾਸੀਆਂ ਵੱਲੋਂ ਨਾਂਹ ਪੱਖੀ ਸੋਚ ਦਾ ਪ੍ਰਗਟਾਵਾ ਕੀਤਾ ਗਿਆ। ਇਸੇ ਦਹਿਸ਼ਤ ਭਰੇ ਮਾਹੌਲ ਦੇ ਚਲਦਿਆਂ ਪਿੰਡਾਂ ਨੂੰ ਸੀਲ ਕਰਨ ਵਾਲੇ ਨੌਜਵਾਨਾਂ ਵੱਲੋਂ ਅਤਿ ਜ਼ਰੂਰੀ ਲੋੜਾਂ ਲਈ ਇੱਕ ਪਿੰਡ ਤੋਂ ਦੂਜੇ ਪਿੰਡ ’ਚੋਂ ਲੰਘਣ ਵਾਲਿਆਂ ਨੂੰ ਸਖਤੀ ਨਾਲ ਰੋਕਿਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ’ਚ ਆਪੋ ਵਿੱਚ ਵੀ ਵਿੱਥਾਂ ਵਧ ਰਹੀਆਂ ਹਨ ਤੇ ਆਉਦੇ ਦਿਨਾਂ ’ਚ ਇਸ ਸਮੱਸਿਆ ਦੇ ਗੰਭੀਰ ਰੂਪ ਧਾਰਨ ਦੇ ਸੰਕੇਤ ਦਿਖਾਈ ਦੇ ਰਹੇ ਹਨ। ਉਹਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਚਾਓ ਸਾਵਧਾਨੀਆਂ ਅਤੇ ਸਮਾਜਿਕ ਦੂਰੀ ਤਾਂ ਬਣਾਕੇ ਰੱਖਣ ਪਰ ਲੋੜਵੰਦਾਂ ਪ੍ਰਤੀ ਸਖਤੀ ਨਾਂ ਵਿਖਾਉਣ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਰੋਹ ਤੋਂ ਬਚ ਰਹੀ ਹਕੂਮਤ ਤੋਂ ਸਭਨਾਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਆਵਾਜ਼ ਬੁਲੰਦ ਕਰਨ।