ਹਰਿੰਦਰ ਨਿੱਕਾ
- ਏਐਫਐਸਉ ਦੀ ਅਗਵਾਈ 'ਚ ਕਾਇਮ ਕਮੇਟੀ ਨੇ ਸ਼ੁਰੂ ਕੀਤੀ ਜਾਂਚ
- ਫਰਮ ਦੀ ਮਾਲਕਣ ਨੇ ਕਿਹਾ ਮੈਨੂੰ ਕੁੱਝ ਨਹੀਂ ਪਤਾ ਇਕੱਲੀ ਫਰਮ ਹੀ ਮੇਰੇ ਨਾਮ ਐਂ
ਬਰਨਾਲਾ, 5 ਅਪ੍ਰੈਲ 2020 - ਕਰਫਿਊ ਦੇ ਦਿਨਾਂ 'ਚ ਵੀ ਜਿਲ੍ਹੇ ਦੇ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਤੋਂ ਵਾਜਿਬ ਭਾਅ ਤੇ ਆਟਾ ਮੁਹੱਈਆ ਕਰਵਾਉਣ ਲਈ ਪਨਸਪ ਦੁਆਰਾ ਮੈਸਰਜ.ਗੋਗੀ ਰਾਮ ਧਰਮ ਚੰਦ ਫਰਮ ਬਰਨਾਲਾ ਨੂੰ ਵੇਚੀ ਕਰੀਬ 1 ਹਜਾਰ ਕੁਇੰਟਲ ਕਣਕ ਦਾ ਫਰਮ ਵੱਲੋਂ ਆਟਾ ਤਿਆਰ ਕਰਕੇ ਵੇਚਣ ਦੀ ਬਜਾਏ ਕਣਕ ਨੂੰ ਹੀ ਕਥਿਤ ਤੌਰ 'ਤੇ ਅੱਗੇ ਮਹਿੰਗੇ ਭਾਅ ਤੇ ਵੇਚਣ ਦਾ ਮਾਮਲਾ ਬਾਬੂਸ਼ਾਹੀ ਦੁਆਰਾ ਪ੍ਰਮੁੱਖਤਾ ਨਾਲ ਨਸ਼ਰ ਕਰਨ ਤੋਂ ਬਾਅਦ ਪੂਰਾ ਪ੍ਰਸ਼ਾਸਨ 'ਤੇ ਫੂਡ ਸਪਲਾਈ ਵਿਭਾਗ ਹਰਕਤ 'ਚ ਆ ਗਿਆ। ਖਬਰ ਨਸ਼ਰ ਹੋਣ ਤੋਂ ਬਾਅਦ ਜਦੋਂ ਨੂੰ ਫੂਡ ਸਪਲਾਈ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਦੇ ਫੋਨਾਂ ਦੀਆਂ ਘੰਟੀਆਂ ਜਿਲ੍ਹਾ ਫੂਡ ਕੰਟਰੋਲਰ ਨੂੰ ਖੜਕਣੀਆਂ ਸ਼ੁਰੂ ਹੋਈਆਂ। ਉਸ ਤੋਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਤੇਜੀ ਦਿਖਾਉਂਦੇ ਹੋਏ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਿਲ੍ਹਾ ਫੂਡ ਕੰਟਰੋਲਰ ਨੂੰ ਦੇ ਦਿੱਤੇ। ਫੂਡ ਕੰਟਰੋਲਰ ਨੇ ਵੀ ਅੱਗੇ ਇਸ ਮਾਮਲੇ ਦੀ ਜਾਂਚ ਲਈ ਏ.ਐਫ.ਐਸ.ਉ ਪ੍ਰਦੀਪ ਸਿੰਘ ਦੀ ਅਗਵਾਈ ਵਿੱਚ ਇੱਕ ਸੱਤ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ। ਕਮੇਟੀ ਚ ਫੂਡ ਸਪਲਾਈ ਵਿਭਾਗ ਦੇ 4 ਪਨਸਪ ਦਾ 1 ਤੇ ਵਿਜੀਲੈਂਸ ਬਿਊਰੋ ਦੇ 2 ਮੈਂਬਰ ਸ਼ਾਮਿਲ ਕੀਤੇ ਗਏ।
- ਫਰਮ ਦੀ ਮਾਲਕਣ ਦੀ ਥਾਂ ਤੇ ਸੰਚਾਲਕ ਦੇ ਲਿਖੇ ਬਿਆਨ
ਜਦੋਂ ਜਾਂਚ ਕਮੇਟੀ ਫਰਮ ਦੀ ਚੱਕੀ ਤੇ ਪਹੁੰਚੀ ਤਾਂ ਉੱਥੇ 215 ਬੋਰੀਆਂ ਯਾਨੀ ਕਰੀਬ 1੦੦ ਕੁਇੰਟਲ ਕਣਕ ਹੀ ਮੌਕੇ ਤੇ ਮਿਲੀ ਕੁਝ ਕੁ ਪਿਸਿਆ ਹੋਇਆ ਆਟਾ। ਜਦੋਂ ਜਾਂਚ ਕਮੇਟੀ ਨੇ ਬਾਕੀ ਦੀ ਕਰੀਬ ਨੌ ਸੌ ਕੁਇੰਟਲ ਕਣਕ ਬਾਰੇ ਪੁੱਛਿਆ ਤਾਂ ਫਰਮ ਦੀ ਮਾਲਕਣ ਮਨੂ ਬਾਲਾ ਇਹ ਕਹਿ ਕੇ ਜਾਂਚ ਚੋਂ ਲਾਂਭੇ ਹੋ ਗਈ ਕਿ ਇਕੱਲੀ ਫਰਮ ਹੀ ਉਸ ਦੇ ਨਾਮ ਹੈ। ਆਟਾ ਚੱਕੀ ਦਾ ਸਾਰਾ ਹਿਸਾਬ ਫਰਮ ਦਾ ਸੰਚਾਲਕ ਗੋਗੀ ਰਾਮ ਹੀ ਵੇਖਦਾ ਹੈ। ਉਸ ਨੂੰ ਇਸ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ। ਇਹ ਸੁਣ ਕੇ ਜਾਂਚ ਟੀਮ ਨੇ ਗੋਗੀ ਦਾ ਬਿਆਨ ਹੀ ਲਿਖਣਾ ਬੇਹਤਰ ਸਮਝਿਆ। ਗੋਗੀ ਨੇ ਆਪਣੇ ਬਿਆਨ ਚ ਕਿਹਾ ਕਿ ਉਸ ਨੇ ਇਹ ਕਣਕ ਆਟਾ ਪਿਸਾਉਣ ਲਈ ਇਲਾਕੇ ਦੀਆਂ ਵੱਖ ਵੱਖ ਚੱਕੀਆਂ ਨੂੰ ਦੇ ਦਿੱਤੀ ਸੀ। ਫਿਰ ਜਾਂਚ ਟੀਮ ਨੇ ਦੱਸੀਆਂ ਹੋਈਆਂ ਹੋਰ ਆਟਾ ਚੱਕੀਆਂ ਦੇ ਮਾਲਿਕਾਂ ਨੂੰ ਬਿਆਨ ਦਰਜ ਕਰਨ ਲਈ ਪੱਤੀ ਰੋਡ ਤੇ ਸਥਿਤ ਸਰਪੰਚ ਦੀ ਚੱਕੀ ਤੇ ਹੀ ਬੁਲਾ ਲਿਆ। ਇੱਕ ਇੱਕ ਕਰਕੇ ਚੱਕੀ ਮਾਲਿਕਾਂ ਨੇ ਇੱਕੋ ਜਿਹਾ ਹੀ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਨੇ ਗੋਗੀ ਤੋਂ ਕਣਕ ਆਟਾ ਪੀਸ ਕੇ ਦੇਣ ਲਈ ਹੀ ਲਈ ਸੀ। ਅੱਗੇ ਆਟਾ ਪੀਸ ਕੇ ਲੋਕਾਂ ਨੂੰ ਪ੍ਰਸ਼ਾਸਨ ਦੁਆਰਾ ਤੈਅ ਰੇਟ ਤੇ ਹੀ ਵੇਚ ਦਿੱਤਾ ਗਿਆ।
- ਇੱਕ ਚੱਕੀ ਮਾਲਿਕ ਨਾਲ ਨਹੀ ਹੋਇਆ ਸੰਪਰਕ
ਜਾਂਚ ਟੀਮ ਦੇ ਸੂਤਰਾਂ ਅਨੁਸਾਰ ਸੇਖਾ ਰੋਡ ਤੇ ਦੱਸੀ ਗਈ ਇੱਕ ਚੱਕੀ ਦੇ ਮਾਲਿਕ ਨਾਲ ਟੀਮ ਦਾ ਸੰਪਰਕ ਨਾ ਫੋਨ ਤੇ ਹੋਇਆ ਤੇ ਨਾ ਹੀ ਉਹ ਉਸ ਦੇ ਬਿਆਨ ਕਲਮਬੰਦ ਹੋ ਸਕੇ। ਇਸ ਤੋਂ ਇਲਾਵਾ ਹਾਲੇ ਜਾਂਚ ਟੀਮ ਨੇ ਗੋਗੀ ਦੀ ਚੱਕੀ ਤੋਂ ਆਟਾ ਖਰੀਦੇ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਨੇਤਾ ਦੇ ਬਿਆਨ ਵੀ ਕਲਮਬੰਦ ਕਰਨੇ ਹਨ।
- 2 ਮੈਂਬਰਾਂ ਨੇ ਰਿਪੋਰਟ ਤੇ ਦਸਤਖਤ ਕਰਨੋਂ ਕੀਤਾ ਇਨਕਾਰ
ਡੀਐਫਸੀ ਦੁਆਰਾ ਕਾਇਮ ਜਾਂਚ ਟੀਮ ਵਿੱਚ ਸ਼ਾਮਿਲ 2 ਵਿਜੀਲੈਂਸ ਬਿਊਰੋ ਦੇ ਮੈਂਬਰਾਂ ਨੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਜ ਤਿਆਰ ਕੀਤੀ ਕਾਰਵਾਈ ਦੀ ਰਿਪੋਰਟ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਨਕਾਰ ਦੀ ਵਜ੍ਹਾ ਜਾਣਨ ਲਈ ਟੀਮ ਮੈਂਬਰਾਂ ਨਾਲ ਸੰਪਰਕ ਦਾ ਯਤਨ ਕੀਤਾ ਪਰ ਸੰਪਰਕ ਨਹੀਂ ਹੋਇਆ।
- ਜਾਂਚ ਟੀਮ ਦੇ ਮੁਖੀ ਏ.ਐਫ.ਐਸ.ਉ ਨੇ ਕਿਹਾ ਜਾਂਚ ਹਾਲੇ ਜਾਰੀ
ਏ.ਐਫ.ਐਸ.ਉ ਪ੍ਰਦੀਪ ਸਿੰਘ ਨੇ ਦੱਸਿਆ ਕਿ ਗੋਗੀ ਰਾਮ ਫਰਮ ਦੀ ਆਟਾ ਚੱਕੀ ਤੋਂ ਸਿਰਫ 1੦੦ ਕੁ ਕੁਇੰਟਲ ਕਣਕ ਹੀ ਮਿਲੀ ਹੈ। ਬਾਕੀ ਕਣਕ ਗੋਗੀ ਅਨੁਸਾਰ ਆਟੇ ਦੀ ਇੱਕ ਦਮ ਵਧੀ ਮੰਗ ਕਾਰਣ ਹੋਰ ਆਟਾ ਚੱਕੀਆਂ ਨੂੰ ਪੀਸਣ ਲਈ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਬਹੁਤੇ ਆਟਾ ਚੱਕੀ ਵਾਲਿਆਂ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਸਾਰੇ ਤੱਥ ਜਾਚਣ ਤੋਂ ਬਾਅਦ ਰਿਪੋਰਟ ਆਲ੍ਹਾ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।