ਅਸ਼ੋਕ ਵਰਮਾ
ਬਠਿੰਡਾ, 5 ਅਪ੍ਰੈਲ 2020 - ਪੰਜਾਬ ਕਿਸਾਨ ਯੂਨੀਅਨ ਨੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਤਹਿਸੀਲ ਮਾਨਸਾ ਦੇ ਸਕੱਤਰ ਕਾਮਰੇਡ ਅਮਰੀਕ ਸਮਾਂਓ ਤੇ ਹੋਰਨਾਂ ਆਗੂਆਂ ਤੇ ਮਜਦੂਰਾਂ ਨੂੰ ਭੜਕਾਉਣ ਦਾ ਝੂਠਾ ਮਾਮਲਾ ਦਰਜ ਕਰਨ ਦੀ ਬਜਾਏ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਜਦੂਰਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਜ਼ਿਲ੍ਹਾ ਸਕੱਤਰੇਤ ਕਾਮਰੇਡ ਹਰਵਿੰਦਰ ਸਿੰਘ ਸੇਮਾ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਰਾਜਿੰਦਰ ਸਿਵੀਆਂ , ਮਜਦੂਰ ਮੁਕਤੀ ਮੋਰਚਾ ਪੰਜਾਬ ਜਿਲਾ ਪ੍ਰਧਾਨ ਕਾਮਰੇਡ ਪਿ੍ਰਤਪਾਲ ਰਾਮਪੁਰਾ, ਅਤੇ ਸੀਪੀਆਈ ਐੱਮ ਐਲ ਲਿਬਰੇਸ਼ਨ ਮਾਲਵਾ ਮਾਲਵਾ ਜੋਨ ਕਮੇਟੀ ਮੈਬਰ ਅਤੇ ਪੰਜਾਬ ਕਿਸਾਨ ਯੂਨੀਅਨ ਜਿਲਾ ਪ੍ਰੈੱਸ ਸਕੱਤਰ ਕਾਮਰੇਡ ਗੁਰਤੇਜ ਮਹਿਰਾਜ ਨੇ ਕਿਹਾ ਕਿ ਪੁਲਿਸ ਥਾਣਾ ਭੀਖੀ ਦੇ ਪੁਲਿਸ ਅਧਿਕਾਰੀਆਂ ਨੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਖੱਬੇ ਪੱਖੀ ਆਗੂਆਂ ਤੇ ਝੂਠਾ ਪਰਚਾ ਦਰਜ ਕੀਤਾ ਹੈ।
ਉਨ੍ਹਾਂ ਆਖਿਆ ਕਿ ਖੱਬੇ ਪੱਖੀ ਆਗੂ ਇਸ ਮੁਸ਼ਕਿਲ ਦੌਰ ਮਜਦੂਰ ਪਰਿਵਾਰਾਂ ਦੇ ਘਰਾਂ ਭੱਠਿਆਂ ਦੀਆਂ ਪਥੇਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਜਿਕਰਯੋਗ ਹੈ ਕਿ ਜਿਸ ਘਟਨਾਕ੍ਰਮ ਨੂੰ ਬਹਾਨਾ ਬਣਾ ਇਹ ਪਰਚਾ ਦਰਜ ਕੀਤਾ ਗਿਆ ਉਸ ਦਿਨ ਅਮਰੀਕ ਸਮਾਂਓ ਜੋਗਾ ਇਲਾਕੇ ਦੇ ਭੱਠਿਆਂ ਦੇ ਮਜਦੂਰ ਪਰਿਵਾਰਾਂ ਚ ਰਾਸ਼ਨ ਪੁਹੰਚਾ ਰਿਹਾ ਸੀ ਤੇ ਇਹ ਪੁਲਿਸ ਦੀ ਨਿਗਰਾਨੀ ਹੇਠ ਸੀ। ਮਜਦੂਰ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਖੱਬੇ ਪੱਖੀ ਆਗੂਆਂ ਤੇ ਦਰਜ ਝੂਠਾ ਪਰਚਾ ਤੁਰੰਤ ਰੱਦ ਕਰੇ ਅਤੇ ਬੇਬੁਨਿਆਦ ਸ਼ਿਕਾਇਤਾਂ ਕਰਨ ਵਾਲਿਆਂ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।