ਇੱਕ ਵੈਂਟੀਲੇਟਰ ਦੀ ਸਹਾਇਤਾ ਨਾਲ ਇਕੋ ਸਮੇਂ ਵਧੇਰੇ ਮਰੀਜ਼ਾਂ ਦੇ ਇਲਾਜ ਲਈ ਬਣਾਇਆ ਵੈਂਟੀਲੇਟਰ ਸਪਲਿਟਰ
ਜਿਥੇ ਇੱਕ ਪਾਸੇ ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਉਥੇ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਯੂ.ਐਚ.ਓ) ਦੇ ਅੰਕੜਿਆਂ ਅਨੁਸਾਰ ਭਾਰਤ ਦੀਆਂ ਸਿਹਤ ਸੰਭਾਲ ਸੰਸਥਾਵਾਂ ਕੋਲ ਸਿਰਫ਼ 48 ਹਜ਼ਾਰ ਵੈਂਟੀਲੇਟਰ ਹੀ ਇਸ ਵੇਲੇ ਮੌਜੂਦ ਹਨ, ਅਜਿਹੀ ਸਥਿਤੀ 'ਚ ਦੇਸ਼ 'ਚ ਜੇਕਰ ਮਰੀਜ਼ਾਂ ਦੀ ਗਿਣਤੀ 'ਚ ਵੱਡੇ ਪੱਧਰ 'ਤੇ ਵਾਧਾ ਹੁੰਦਾ ਹੈ ਤਾਂ ਦੇਸ਼ ਦੀ ਆਬਾਦੀ ਨੂੰ ਧਿਆਨ 'ਚ ਰੱਖਦੇ ਹੋਏ ਨਾ ਕਾਫ਼ੀ ਸਿੱਧ ਹੋ ਸਕਦੇ ਹਨ। ਅਜੋਕੇ ਸਮੇਂ 'ਚ ਦੇਸ਼ ਦੀਆਂ ਸਰਕਾਰਾਂ ਵੈਂਟੀਲੇਟਰ ਦੀ ਕਮੀ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ। ਵੈਂਟੀਲੇਟਰ ਦੀ ਘਾਟ ਨੂੰ ਪੂਰਾ ਕਰਨ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਸਰਚ ਅਤੇ ਡਿਵੈਲਪਮਂੈਟ ਵਿਭਾਗ ਨੇ ਅਤਿ ਆਧੁਨਿਕ 3ਡੀ ਪ੍ਰਿੰਟਰ ਤਕਨਾਲੋਜੀ ਦੇ ਸਹਿਯੋਗ ਨਾਲ ਵਿੱਲਖਣ ਖੋਜ ਕੀਤੀ ਹੈ। ਇਸ ਰਿਸਰਚ ਮੁਬਾਤਕ 3ਡੀ ਪ੍ਰਿੰਟਿਗ ਰਾਹੀਂ ਤਿਆਰ ਕੀਤੇ 2, 3 ਅਤੇ ਚਾਰ ਮਾਰਗੀ ਸਪਲਿਟਰ ਨਾਲ ਦੇਸ਼ 'ਚ ਵੈਂਟੀਲੇਟਰ ਦੀ ਘਾਟ ਦੀ ਪੂਰਤੀ ਕਰਦੇ ਹੋਏ ਘੱਟ ਸਮੇਂ 'ਚ ਚਾਰ ਗੁਣਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ ।
ਇਸ ਉਪਕਰਣ ਦੇ ਨਿਰਮਾਤਾ ਅਤੇ 'ਵਰਸਿਟੀ ਦੇ ਰਿਸਰਚ ਅਤੇ ਡਿਵੈਲਪਮਂੈਟ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਅਤੇ ਰਿਸਰਚ ਸਕਾਲਰ ਰਣਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ 'ਵਰਸਿਟੀ ਵਿਖੇ ਸਥਿਤ ਟੈਕਨਾਲੋਜੀ ਬਿਜਨੈਸ ਇੰਕੁਬੇਟਰ (ਟੀ.ਬੀ.ਆਈ) ਸਂੈਟਰ ਵਿਖੇ 2, 3 ਅਤੇ 4 ਮਾਰਗੀ ਵੈਂਟੀਲੇਟਰ ਸਪਲਿਟਰ ਬਣਾਏ ਗਏ ਹਨ।ਉਨ੍ਹਾਂ ਦੱਸਿਆ ਕਿ ਦੋ, ਤਿੰਨ ਅਤੇ ਚਾਰ ਮਾਰਗੀ ਵੈਂਟੀਲੇਟਰ ਸਪਲਿਟਰ ਬਣਾਉਣ ਲਈ ਉਨ੍ਹਾਂ ਵੱਲੋਂ ਪੋਲੀਸੈਕਟਿਕ ਐਸਿਡ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਪੋਲੀਸੈਕਟਾਈਡ (ਪੀ.ਐਲ.ਏ) ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀ.ਐਲ.ਏ ਇੱਕ ਗੈਰ-ਜ਼ਹਿਰੀਲਾ ਪਦਾਰਥ ਹੈ, ਜਿਸ ਦੀ ਵਰਤੋਂ ਤੋਂ ਪਹਿਲਾਂ ਇਸ ਦੀ ਸਾਇਟੋਟੋਕਸਿਸਿਟੀ ਜਾਂਚ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 'ਵਰਸਿਟੀ ਵੱਲੋਂ 3ਡੀ ਵਂੈਟੀਲੇਅਰ ਸਪਲਿਟਰ ਦਾ ਨਿਰਮਾਣ ਸਿਹਤ ਸੰਭਾਲ ਅਦਾਰਿਆਂ ਦੇ ਮਾਪਦੰਡਾਂ ਅਨੁਸਾਰ ਹੀ ਕੀਤਾ ਹੈ।
ਕੋਰੋਨਾ ਵਾਇਰਸ ਸਮੁੱਚੇ ਵਿਸ਼ਵ ਲਈ ਵੱਡੀ ਚਣੌਤੀ ਬਣ ਗਿਆ ਹੈ, ਜਿਸ ਦੇ ਚਲਦੇ ਭਾਰਤ 'ਚ ਵੀ ਇਸ ਮਹਾਂਮਾਰੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵੱੱਧ ਰਿਹਾ ਹੈ। ਪੂਰੇ ਵਿਸ਼ਵ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਜਿਥੇ 11 ਲੱਖ ਤੋਂ ਪਾਰ ਕਰ ਗਈ ਹੈ ਅਤੇ 65000 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਉਥੇ ਭਾਰਤ 'ਚ ਵੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3500 ਦੇ ਕਰੀਬ ਹੋ ਗਈ ਹੈ। ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੇ ਫੇਫ਼ੜਿਆਂ ਨੂੰ ਸੱਭ ਤੋਂ ਵੱਧ ਨੁਕਸਾਨ ਪਹੁੰਚਾਉਦਾ ਹੈ, ਜਿਸ ਨਾਲ ਸਰੀਰ ਵਿੱਚ ਜਾਣ ਖੂਨ ਦੇ ਦਬਾਅ 'ਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ, ਜੋ ਮਰੀਜ਼ ਲਈ ਸਾਹ ਦੀ ਤਕਲੀਫ਼ ਦਾ ਕਾਰਨ ਬਣਦੀ ਹੈ।ਅਜਿਹੀ ਸਥਿਤੀ 'ਚ ਵੈਂਟੀਲੇਟਰ ਇੱਕ ਅਜਿਹਾ ਮੈਡੀਕਲ ਉਪਕਰਣ ਹੈ, ਜੋ ਪੀੜਤ ਮਰੀਜ਼ 'ਚ ਆਕਸੀਜਨ ਦੀ ਲੋੜੀਂਦੀ ਮਾਤਰਾ ਨੂੰ ਬਰਕਰਾਰ ਰੱਖਣ 'ਚ ਕਾਰਗਾਰ ਹੁੰਦਾ ਹੈ।
ਰਣਵਿਜੈ ਨੇ ਦੱਸਿਆ ਕਿ ਵੈਂਟੀਲੇਟਰ ਸਪਲਿਟਰ ਇੱਕ ਅਜਿਹਾ ਉਪਕਰਣ ਹੈ ਜੋ ਇਕੋ ਸਮੇਂ ਦੋ ਤੋਂ ਚਾਰ ਮਰੀਜ਼ਾਂ ਦੇ ਫੇਫੜਿਆਂ ਤੱਕ ਲੋੜੀਂਦੀ ਆਕਸੀਜਨ ਪਹੁੰਚਾਉਣ 'ਚ ਮਦਦਗਾਰ ਸਿੱਧ ਹੁੰਦਾ ਹੈ ਜਦਕਿ ਇਕ ਹੀ ਵੈਂਟੀਲੇਟਰ ਦੀ ਸਹਾਇਤਾ ਨਾਲ ਦੁੱਗਣੇ ਤੋਂ ਚੋਗੁਣੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਹਰ ਰੋਗੀ ਦੀਆਂ ਜ਼ਰੂਰਤਾਂ ਅਨੁਸਾਰ ਆਕਸੀਜਨ ਦੀ ਸਪਲਾਈ ਕਰੇਗਾ, ਜਿਵੇਂ ਕਿ ਇੱਕ ਮਰੀਜ਼ ਨੌਜਵਾਨ ਹੈ ਅਤੇ ਦੂਜਾ ਬਜ਼ੁਰਗ ਹੈ, ਤਾਂ ਬਜ਼ੁਰਗਾਂ ਨੂੰ ਵਧੇਰੇ ਆਕਸੀਜਨ ਦੀ ਲੋੜ ਹੋਵੇਗੀ।ਜਿਸ ਦੇ ਚਲਦੇ ਵੱਖ-ਵੱਖ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ, ਇਸ ਵਿੱਚ ਆਕਸੀਜਨ ਪ੍ਰਵਾਹ ਕੰਟਰੋਲ ਕਰਨ ਲਈ ਪ੍ਰਬੰਧ ਵੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਸਰਚ ਅਤੇ ਡਿਵੈਲਪਮਂੈਟ ਵਿਭਾਗ ਦੇ ਮੁਖੀ ਡਾ. ਸੰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ 'ਵਰਸਿਟੀ ਵਿਖੇ ਟੈਕਨਾਲੋਜੀ ਬਿਜਨੈਸ ਇੰਕੁਬੇਟਰ (ਟੀ.ਬੀ.ਆਈ) ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਨ੍ਹਾਂ ਦੇ ਪ੍ਰਾਜੈਕਟ ਅਧੀਨ ਇਹ ਖੋਜ ਕਾਰਜ ਆਰੰਭਿਆ ਗਿਆ ਸੀ। ਡਾ. ਸੰਜੀਤ ਨੇ ਉਨ੍ਹਾਂ ਦੱਸਿਆ ਕਿ 'ਵਰਸਿਟੀ ਵੱਲੋਂ ਦੋ, ਤਿੰਨ ਅਤੇ ਚਾਰ ਮਾਰਗੀ ਆਕਸੀਜਨ ਸਪਲਿਟਰ ਨੂੰ ਟੈਸਟ ਅਤੇ ਪ੍ਰਮਾਣਿਤਾ ਲਈ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐਸ.ਟੀ) ਕੋਲ ਭੇਜਿਆ ਗਿਆ ਹੈ, ਜਿਸ ਦੀ ਮਨਜ਼ੂਰੀ ਉਪਰੰਤ ਸਥਿਤੀ ਨੂੰ ਵੇਖਦਿਆਂ ਵੱਡੇ ਪੱਧਰ 'ਤੇ ਇਸ ਦੇ ਉਤਪਾਦਨ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਕੀਮਤੀ ਜਾਨਾਂ ਸਮੇਂ ਰਹਿੰਦਿਆਂ ਬਚਾਈਆਂ ਜਾ ਸਕਣ।
ਇਸ ਸਬੰਧੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ, ਅਜਿਹੀ ਸਥਿਤੀ 'ਚ ਬਚਾਅ ਕਾਰਜਾਂ 'ਚ ਖੋਜ ਕਾਰਜਾਂ ਦਾ ਮਹੱਤਵਪੂਰਨ ਰੋਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਖੋਜ ਸੰਸਥਾਵਾਂ ਤੇ ਅਦਾਰਿਆਂ ਨੂੰ ਅਜਿਹੀਆਂ ਖੋਜਾਂ ਲਈ ਵੱਡੇ ਪੱਧਰ 'ਤੇ ਕਾਰਜ ਉਲੀਕਣ ਲਈ ਅੱਗੇ ਆਉਣਾ ਚਾਹੀਦਾ ਹੈ। ਸ. ਸੰਧੂ ਨੇ ਕਿਹਾ ਕਿ 3ਡੀ ਪ੍ਰਿਟਿੰਗ ਸੰਸਥਾਵਾਂ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਮਹੱਤਵਪੂਰਣ ਮੈਡੀਕਲ ਉਪਕਰਣ ਬਣਾ ਕੇ ਕੋਰੋਨਾਵਾਇਰਸ ਵਿਰੁੱਧ ਜੰਗ ਲੜਨਾ ਸਮੇਂ ਦੀ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੋਰੋਨਾਵਾਇਰਸ ਸਬੰਧੀ ਖੋਜ ਕਾਰਜਾਂ ਨੂੰ ਗਤੀ ਪ੍ਰਦਾਨ ਕਰਨ ਲਈ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਗਿਆ ਹੈ।