ਰਜਨੀਸ਼ ਸਰੀਨ
- ਐੱਨ ਜੀ ਓ ਜੀਜ਼ ਨਿਭਾਅ ਰਹੇ ਨੇ ਵੱਖ-ਵੱਖ ਇਲਾਕਿਆਂ ਤੱਕ ਲੰਗਰ ਪਹੁੰਚਾਉਣ ਦੀ ਜ਼ਿੰਮੇਂਵਾਰੀ
- ਜਾਡਲਾ, ਕਰੀਹਾ, ਮੱਲਪੁਰ ਅੜਕਾਂ, ਬੈਂਸ, ਮਹਾਲੋਂ, ਮੁਕੰਦਪੁਰ, ਬਲਾਚੌਰ ਤੇ ਸੜੋਆ ’ਚ ਲੋੜਵੰਦ ਲੋਕਾਂ ਨੂੰ ਖੁਆਇਆ ਗਿਆ
ਨਵਾਂਸ਼ਹਿਰ, 5 ਅਪ੍ਰੈਲ 2020 - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਨੂੰ ਜ਼ਿਲ੍ਹੇ ’ਚ ਲੋੜਵੰਦਾਂ ਤੱਕ ਖਾਣਾ ਪ੍ਰਸ਼ਾਸਨ ਰਾਹੀਂ ਹੀ ਮੁਹੱਈਆ ਕਰਵਾਉਣ ਦੀਆਂ ਅਪੀਲਾਂ ਨੂੰ ਮਿਲੇ ਹੁੰਗਾਰੇ ਤਹਿਤ ਅੱਜ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਪੁਰ ਹੀਰਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ 4000 ਲੋੜਵੰਦ ਵਿਅਕਤੀਆਂ ਨੂੰ ਲੰਗਰ ਮੁਹੱਈਆ ਕਰਵਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੀ ਓ ਜੀਜ਼ ਰਾਹੀਂ ਇਸ ਲੰਗਰ ਨੂੰ ਅੱਗੇ ਜਾਡਲਾ, ਕਰੀਹਾ, ਮੱਲਪੁਰ ਅੜਕਾਂ, ਬੈਂਸ, ਮਹਾਲੋਂ, ਮੁਕੰਦਪੁਰ, ਬਲਾਚੌਰ ਤੇ ਸੜੋਆ ’ਚ ਲੋੜਵੰਦ ਲੋਕਾਂ ਨੂੰ ਖੁਆਇਆ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਸਮਾਜ ਸੇਵੀ ਸੰਸਥਾਂਵਾਂ ਜੋ ਕਿ ਜ਼ਿਲ੍ਹੇ ’ਚ ਸੇਵਾ ਕਰਨ ਦੀਆਂ ਚਾਹਵਾਨ ਹਨ ਜਾਂ ਕਰ ਰਹੀਆਂ ਹਨ, ਦੀ ਸੇਵਾ ਯੋਗ ਲੋਕਾਂ ਤੱਕ ਪੁੱਜਦੀ ਕਰਨ ਲਈ ਜ਼ਿਲ੍ਹੇ ਦੀ ਵੈਬਸਾਈਟ ’ਤੇ ਵਿਸ਼ੇਸ਼ ਪ੍ਰੋਗਰਾਮ ‘ਨੋ ਵਨ ਸਲੀਪ ਹੰਗਰੀ’ ਉਲੀਕਿਆ ਗਿਆ ਹੈ, ਜਿਸ ਰਾਹੀਂ ਕੋਈ ਵੀ ਸੰਸਥਾ ਅੱਗੇ ਆ ਕੇ ਨਿਰਧਾਰਿਤ ਖੇਤਰ ’ਚ ਸੇਵਾ ਕਰ ਸਕਦੀ ਹੈ।