ਅਸ਼ੋਕ ਵਰਮਾ
- ਕੋਰੋਨਾ ਵਾਇਰਸ ਨੇ ਬਚਾਈ ਪੁਲਿਸ ਦੀ ਲਾਜ
- ਸੰਗਤ ਪੁਲਿਸ ਨੇ ਫਰਾਰ ਮੁਲਜ਼ਮਾਂ ਨੂੰ ਦਬੋਚਿਆ
ਬਠਿੰਡਾ, 5 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ਦੇ ਥਾਣਾ ਨੰਦਗੜ 'ਚੋਂ ਬੀਤੀ ਰਾਤ ਤਿੰਨ ਨੌਜਵਾਨ ਮੁਲਜ਼ਮ ਹਵਾਲਾਤ ਚੋਂ ਫਰਾਰ ਹੋ ਗਏ ਜਿੰਨ੍ਹਾਂ ਨੂੰ ਜਾਅਲੀ ਕਰੰਸੀ ਤਿਆਰ ਕਰਨ ਦੇ ਮਾਮਲੇ ’ਚ ਫੜਿਆ ਹੋਇਆ ਸੀ। ਮੁਲਜ਼ਮ ਫਰਾਰ ਹੋਣ ਮਗਰੋਂ ਪੁਲਿਸ ਦੇ ਸਾਹ ਫੁੱਲ ਗਏ ਅਤੇ ਅਲਰਟ ਜਾਰੀ ਕਰ ਦਿੱਤਾ ਗਿਆ। ਪੂਰੀ ਰਾਤ ਪੁਲਿਸ ਮੁਲਜ਼ਮ ਦੀ ਤਲਾਸ਼ ਕਰਦੀ ਰਹੀ ਪ੍ਰੰਤੂ ਅੱਜ ਦਿਨੇ ਪੁਲਿਸ ਨੂੰ ਸਫਲਤਾ ਮਿਲ ਗਈ। ਐੋਸ.ਐਸ.ਪੀ ਬਠਿੰਡਾ ਦੇ ਹੁਕਮਾਂ ਤੇ ਇੱਕ ਏਐਸਆਈ ਥਾਣੇ ਦੇ ਰਾਤਰੀ ਮੁਨਸ਼ੀ ਅਤੇ ਦੋ ਸੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਥਾਣਾ ਨੰਦਗੜ ਦੀ ਪੁਲੀਸ ਨੇਂ ਡਿਊਟੀ ’ਚ ਅਣਗਹਿਲੀ ਕਰਨ ਦੇ ਦੋਸ਼ਾਂ ਤਹਿਤੇ ਡਿਊਟੀ ਅਫਸਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਮੁਨਸ਼ੀ ਮਨਦੀਪ ਸਿੰਘ ’ਤੇ ਸੰਤਰੀਆਂ ਬੇਅੰਤ ਸਿੰਘ ’ਤੇ ਜਸਪਾਲ ਸਿੰਘ ਵਿਰੁੱਧ ਪੁਲਿਸ ਕੇਸ ਦਰਜ ਕਰ ਲਿਆ ਹੈ। ਮੁਲਜਮਾਂ ਦੇ ਫਰਾਰ ਹੋਣ ’ਚ ਪੁਲਿਸ ਦੀ ਗਲਤੀ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਪੁਲਿਸ ਮੁਲਾਜਮ ਹਵਾਲਾਤ ਨੂੰ ਹੀ ਜਿੰਦਰਾ ਲਾਉਣਾ ਭੁੱਲ ਗਏ ਸਨ ਜਿਸ ਦਾ ਕਰੰਸੀ ਤਸਕਰਾਂ ਨੇ ਲਾਹਾ ਉਠਾਇਆ ਅਤੇ ਫਰਾਰ ਹੋ ਗਏ।
ਦੱਸਣਯੋਗ ਹੈ ਕਿ ਥਾਣਾ ਨੰਦਗੜ ਦੀ ਪੁਲਸ ਨੇ ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਸੀ। ਇਸ ਮਾਮਲੇ ’ਚ ਵਰਿੰਦਰ ਸਿੰਘ ਉਰਫ ਬਾਬਾ ਪੁੱਤਰ ਗੋਰਾ ਸਿੰਘ ਵਾਸੀ ਰਾਏ ਕੇ ਕਲਾਂ, ਲਖਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਏ ਕੇ ਕਲਾਂ, ਜਸਵਿੰਦਰ ਸਿੰਘ ਪੁੱਤਰ ਡੋਗਰ ਸਿੰਘ, ਲਵਪ੍ਰੀਤ ਉਰਫ ਜੋਬਨਪ੍ਰੀਤ ਸਿੰਘ ਪੁੱਤਰ ਜਸਕਰਨ ਸਿੰਘ ਵਾਸੀਆਨ ਮਧੀਰ ਵਿਰੁੱਧ ਮਾਮਲਾ ਦਰਜ ਹੋਇਆ ਸੀ । ਮੁਲਜਮਾਂ ਕੋਲੋਂ 8 ਲੱਖ 61 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ , ਪਿ੍ਰੰਟਰ, ਨੋਟ ਬਣਾਉਣ ਲਈ ਵਰਤੇ ਜਾਂਦੇ ਖਾਲੀ ਪੇਜ਼, ਇੰਕ ਦੀਆਂ ਪੰਜ ਖੁੱਲੀਆਂ ਡੱਬੀਆਂ, ਕਟਰ ’ਤੇ ਕੱਚ ਦਾ ਸਕੇਲ ਆਦਿ ਬਰਾਮਦ ਕੀਤੇ ਸਨ।
ਜਾਣਕਾਰੀ ਅਨੁਸਾਰ ਇੰਨ੍ਹਾਂ ਚਾਰੇ ਨੌਜਵਾਨਾਂ ਨੂੰ ਥਾਣੇ ਦੀ ਹਵਾਲਾਤ ’ਚ ਬੰਦ ਕੀਤਾ ਗਿਆ ਸੀ। ਢਾਈ ਵਜੇ ਦੇ ਕਰੀਬ ਕਰੀਬ ਤਿੰਨ ਮੁਲਜਮ ਲਖਵੀਰ ਸਿੰਘ, ਜਸਵਿੰਦਰ ਸਿੰਘ ’ਤੇ ਲਵਪ੍ਰੀਤ ਉਰਫ ਜੋਬਨਪ੍ਰੀਤ ਸਿੰਘ ਹਵਾਲਾਤ ਖੋਲ੍ਹ ਕੇ ਫਰਾਰ ਹੋ ਗਏ। ਪੁਲਿਸ ਨੇ ਕਈ ਪਿੰਡਾਂ ਨੂੰ ਸੀਲ ਕਰ ਦਿੱਤਾ ਅਤੇ ਠੀਕਰੀ ਪਹਿਰਾ ਦੇਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਪੁਲਿਸ ਨੇ ਫਰਾਰ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਅਤੇ ਪਤਾ ਦੱਸਣ ਲਈ 10 ਹਜ਼ਾਰ ਦੇ ਨਗਦ ਇਨਾਮ ਦਾ ਵੀ ਐਲਾਨ ਕਰ ਦਿੱਤਾ। ਦੁਪਹਿਰ ਢਾਈ ਵਜੇ ਦੇ ਕਰੀਬ ਥਾਣਾ ਸੰਗਤ ਦੇ ਮੁਖੀ ਗੌਰਵਵੰਸ ਸਿੰਘ ਅਤੇ ਐੱਸ.ਆਈ ਬਲਤੇਜ ਸਿੰਘ ਨੇ ਪਿੰਡ ਫੁੱਲੋ ਮਿੱਠੀ ਵਿਖੇ ਢਾਣੀਆਂ ’ਚ ਫਰਾਰ ਮੁਲਜਮਾਂ ਨੂੰ ਕਾਬੂ ਕਰ ਲਿਆ ਅਤੇ ਥਾਣਾ ਨੰਦਗੜ ਦੀ ਪੁਲਸ ਹਵਾਲੇ ਕਰ ਦਿੱਤਾ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਕਰਫਿਊ ਲੱਗਿਆ ਹੋਣ ਕਾਰਨ ਸੂਬੇ ਦੀਆਂ ਹੱਦਾਂ ਸੀਲ ਕੀਤੀਆਂ ਹੋਈਆਂ ਸਨ ਅਤੇ ਆਵਾਜਾਈ ਬੰਦ ਸੀ ਜਿਸ ਕਰਕੇ ਇਹ ਲੋਕ ਪੁਲਿਸ ਦੇ ਹੱਥੇ ਚੜ ਗਏ। ਸੂਤਰਾਂ ਦੀ ਮੰਨੀਏ ਤਾਂ ਥਾਣੇ ’ਚ ਰਾਤ ਨੂੰ ਕੋਈ ਵੀ ਮੁਲਾਜਮ ਨਹੀਂ ਸੀ ਜਦੋਂਕਿ ਤਾਇਨਾਤ 15 ਦੇ ਕਰੀਬ ਪੁਲਸ ਜਵਾਨ ਹਨ। ਸੂਤਰ ਦੱਸਦੇ ਹਨ ਕਿ ਰਾਤ ਨੂੰ ਥਾਣਾ ਸਿਰਫ ਡਿਊਟੀ ਹੋਮਗਾਰਡ ਦੇ ਜਵਾਨਾਂ ਸਹਾਰੇ ਹੁੰੰਦਾ ਹੈ। ਜਿਕਰਯੋਗ ਹੈ ਕਿ ਥਾਣਾ ਨੰਦਗੜ ਦੀ ਪੁਲਸ ਗਿਰੋਹ ਨੂੰ ਫੜਨ ਕਰਕੇ ਆਪਣੀ ਪਿੱਠ ਥਾਪੜ ਹੀ ਰਹੀ ਸੀ ਕਿ ਇਹ ਭਾਣਾ ਵਾਪਰ ਗਿਆ ਜਿਸ ਨੇ ਪੁਲਸ ਦੀ ਕਿਰਕਰੀ ਵੀ ਕਰਵਾਈ ਅਤੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ। ਇੱਕ ਮੁਲਾਜਮ ਨੇ ਆਫ ਦਾ ਰਿਕਾਰਡ ਦੱਸਿਆ ਕਿ ਦੇਸ਼ ਧਰੋਹੀ ਦੇ ਇਸ ਮਾਮਲੇ ਨੂੰ ਸੁਲਝਾਉਣ ਲਈ ਅੱਧਾ ਮਹੀਨਾ ਲੱਗਿਆ ਸੀ ਪ੍ਰੰਤੂ ਮੁਲਜਮ ਕੁੱਝ ਘੰਟਿਆਂ ’ਚ ਹੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।
ਥਾਣਾ ਨੰਦਗੜ ਦੇ ਮੁਖ ਥਾਣਾ ਅਫਸਰ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਰਾਤ ਸਮੇਂ ਹਵਾਲਾਤ ਦਾ ਜਿੰਦਰਾਂ ਖੁੱਲਾ ਰਹਿ ਗਿਆ ਜਿਸ ਕਾਰਨ ਮੁਲਜਮ ਫਰਾਰ ਹੋ ਗਏ। ਉਨਾਂ ਦੱਸਿਆ ਕਿ ਕਰਫਿਊ ਕਾਰਨ ਪੁਲਸ ਦੇ ਜਵਾਨ ਡਿਊਟੀ ’ਤੇ ਸਨ। ਦੂਜੇ ਪਾਸੇ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਫਰਾਰ ਹੋਣ ’ਚ ਪੁਲਸ ਮੁਲਾਜ਼ਮਾਂ ਦੀ ਗਲਤੀ ਹੈ। ਉਨਾਂ ਪੁਲਿਸ ਮੁਲਾਜਮਾਂ ਖਿਲਾਫ ਕੇਸ ਦਰਜ ਕਰਨ ਦੀ ਵੀ ਪੁਸ਼ਟੀ ਕੀਤੀ ਹੈ। ਐਸਐਸਪੀ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਪੁਲਿਸ ਮੁਲਾਜਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।