ਅਸ਼ੋਕ ਵਰਮਾ
ਬਠਿੰਡਾ, 06 ਅਪ੍ਰੈਲ 2020 : ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਡਾ. ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਦਾ ਢੁਕਵਾਂ ਸਮਾਂ ਭਾਵੇਂ 20 ਮਾਰਚ ਤੋਂ 10 ਅਪ੍ਰੈਲ ਤੱਕ ਹੈ, ਪਰ ਇਸ ਦੀ ਬਿਜਾਈ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਉਨਾਂ ਕਿਸਾਨ ਵੀਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਬਿਜਾਈ ਲੇਟ ਹੋਣ ਨਾਲ ਫ਼ਸਲ ਦੇ ਪੱਕਣ ਸਮੇਂ ਮੌਨਸੂਨੀ ਬਾਰਿਸ਼ਾਂ ਨਾਲ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪੀ.ਏ.ਯੂ. ਲੁਧਿਆਣਾ ਵੱਲੋਂ ਗਰਮੀ ਰੁੱਤ ਦੀਆਂ ਮੂੰਗੀ ਦੀਆਂ 4 ਕਿਸਮਾਂ ਐਸ.ਐਮ.ਐਲ-1827, ਐਸ.ਐਮ.ਐਲ-668, ਐਸ.ਐਮ.ਐਲ-832 ਤੇ ਟੀ.ਐਮ.ਬੀ.-37 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ.ਐਲ.ਐਨ-668 ਕਿਸਮ ਲਈ 15 ਕਿਲੋ ਤੇ ਬਾਕੀ ਦੀਆਂ 3 ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਵੇ। ਪੰਜਾਬ ਦੇ ਸਾਰੇ ਜ਼ਿਲਿਆਂ ਨੂੰ ਉਨਾਂ ਦੀ ਮੰਗ ਅਨੁਸਾਰ ਐਸ.ਐਮ.ਐਲ-668 ਕਿਸਮ ਦੀ ਸਪਲਾਈ ਪਨਸੀਡ ਵੱਲੋਂ ਹੋ ਚੁਕੀ ਹੈ। ਜੇਕਰ ਫਿਰ ਵੀ ਕਿਸੇ ਜ਼ਿਲੇ ਦੀ ਹੋਰ ਮੰਗ ਹੈ ਤਾਂ ਕਿਸਾਨਾਂ ਦੀ ਮੰਗ ਅਨੁਸਾਰ ਬੀਜ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਨਸੀਡ ਪਾਸੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਫ਼ਸਲ ਬਾਰੇ ਉਨਾਂ ਹੋਰ ਦੱਸਿਆ ਕਿ ਮੂੰਗੀ ਦੀਆਂ ਇਹ ਕਿਸਮਾਂ ਤਕਰੀਬਨ 60-62 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਕਿਸਾਨ ਗਰਮੀ ਰੁੱਤ ਦੀ ਮੂੰਗੀ ਬੀਜ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਆਮਦਨੀ ਵਿੱਚ ਵਾਧੇ ਦੇ ਨਾਲ-ਨਾਲ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਂਦੀਆਂ ਹਨ ਤੇ ਦਾਲਾਂ ਤੋਂ ਬਾਅਦ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦਾ ਝਾੜ ਵੀ ਵਧਦਾ ਹੈ ਤੇ ਇਹ ਫ਼ਸਲ ਪਾਣੀ ਵੀ ਘੱਟ ਭਾਲਦੀ ਹੈ।
ਡਾ. ਸਿੱਧੂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਾਲ 2019-2020 ਦੌਰਾਨ ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ 7050 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ। ਮੂੰਗੀ ਦੀ ਬਿਜਾਈ ਡਰਿੱਲ, ਬੀਜ ਜ਼ੀਰੋ ਟਿੱਲ ਡਰਿੱਲ ਜਾਂ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ। ਮੂੰਗੀ ਦੀ ਬਿਜਾਈ ਸਮੇਂ ਸਿਰਫ਼ 11 ਕਿਲੋ ਯੂਰੀਆ ਤੇ 100 ਕਿਲੋ ਸਿੰਗਲ ਸੁਪਰਫ਼ਾਸਫੇਟ ਦੀ ਵਰਤੋਂ ਕੀਤੀ ਜਾਵੇ। ਜੇਕਰ ਕਿਸਾਨਾਂ ਵੱਲੋਂ ਆਲੂਆਂ ਦੀ ਫ਼ਸਲ ਮਗਰੋ ਮੂੰਗੀ ਦੀ ਫਸਲ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਕੋਈ ਵੀ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੌਰਾਨ ਇਲਾਵਾ ਖੇਤੀਬਾੜੀ ਵਿਕਾਸ ਅਫਸਰ (ਦਾਲਾਂ) ਬਠਿੰਡਾ ਡਾ. ਨਵਰਤਨ ਕੌਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੂੰਗੀ ਦੇ 1 ਏਕੜ ਦੇ ਬੀਜ ਨੂੰ ਤਕਰੀਬਨ 300 ਮਿਲੀਲੀਟਰ ਪਾਣੀ ਨਾਲ ਗਿੱਲਾ ਕਰਕੇ ਜੀਵਾਣੂੰ ਖਾਦ ਦਾ ਟੀਕਾ ਲਗਾ ਕੇ ਛਾਂ ਵਿੱਚ ਸੁਕਾਉਣ ਉਪਰੰਤ 1 ਘੰਟੇ ਦੇ ਅੰਦਰ-ਅੰਦਰ ਬਿਜਾਈ ਕਰਨ ਨਾਲ ਝਾੜ ਵਧਦਾ ਹੈ।