ਘਰ ਘਰ ਜਾ ਕੇ ਸਮਾਜਿਕ ਸੁਰੱਖਿਆ ਵਿਭਾਗ ਦੀ ਪੈਨਸ਼ਨ ਵੰਡਣ ਦਾ ਕਰ ਰਹੇ ਹਨ ਕੰਮ
ਨਵਾਂਸ਼ਹਿਰ, 06 ਅਪਰੈਲ 2020: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ਦੇ ਪਿੰਡਾਂ `ਚ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵਲੋਂ ਦਿੱਤੀ ਜਾਂਦੀ ਬੁਢਾਪਾ, ਵਿਧਵਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ ਦੇ ਲਾਭਪਾਤਰੀਆਂ ਦੀ ਸਹੂਲਤ ਲਈ ਲਾਏ ਗਏ ਬੈਂਕਾਂ ਦੇ ਵਪਾਰਕ ਪ੍ਰਤੀਨਿੱਧਾ ਦਾ ਕੰਮ ਦਾ ਸਮਾਂ ਵਧਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਵਲੋਂ ਪਹਿਲਾ ਨਿਰਧਾਰਿਤ ਸਮਾਂ 8 ਤੋਂ 11 ਕਾਫ਼ੀ ਨਾ ਹੋਣ ਕਾਰਨ, ਅੱਜ ਇਹ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਸੀ, ਜਿਸ ਦੇ ਬਾਅਦ ਲਾਭਪਾਤਰੀਆਂ ਦੀ ਸਹੂਲਤ ਲਈ ਇਹ ਸਮਾਂ ਵਧਾ ਕੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 63 ਹਜ਼ਾਰ ਤੋਂ ਵਧੇਰੇ ਲਾਭਪਾਤਰੀਆਂ ਨੂੰ ਜਨਵਰੀ ਅਤੇ ਫ਼ਰਵਰੀ ਦੀ ਪੈਨਸ਼ਨ ਰਾਸ਼ੀ ਮੁਹੱਈਆ ਕਰਵਾਉਣ ਲਈ ਬੈਂਕਾਂ ਦੇ ਵਪਾਰਿਕ ਪ੍ਰਤੀਨਿੱਧਾਂ ਤੋਂ ਇਲਾਵਾ ਡਾਕ ਸੇਵਕਾਂ ਰਾਹੀਂ ਵੀ ਪੈਨਸ਼ਨ ਘਰ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰੀ ਲਾਭਪਾਤਰੀ ਸਵੇਰੇ 8 ਤੋਂ 11 ਦੇ ਸਮੇਂ ਦੌਰਾਨ ਬੈਂਕਾਂ `ਚੋਂ ਵੀ ਪੈਨਸ਼ਨ ਹਾਸਲ ਕਰ ਸਕਦੇ ਹਨ।