ਫਿਰੋਜਪੁਰ, 7 ਅਪ੍ਰੈਲ 2020 - ਡਿਪਟੀ ਕਮਿਸਨਰ ਕੁਲਵੰਤ ਸਿੰਘ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹੇ ਦੇ ਗੈਰ-ਸਰਕਾਰੀ ਸਕੂਲਾਂ ਨੂੰ ਬੱਚਿਆਂ ਦੇ ਮਾਪਿਆਂ ਤੇ ਸਕੂਲ ਫੀਸ ਵਸੂਲੀ ਦੇ ਲਈ ਦਬਾਅ ਨਹੀਂ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕੇਬਲ ਆਪਰੇਟਰਾਂ ਨੂੰ ਵੀ ਉਪਭੋਗਤਾਵਾਂ ਤੋਂ ਕੇਬਲ ਬਿੱਲ ਮਹਾਮਾਰੀ ਦਾ ਕਹਿਰ ਰੁਕਣ ਤੱਕ ਨਹੀਂ ਵਸੂਲਣ ਦਾ ਆਦੇਸ਼ ਦਿੱਤਾ ਹੈ।
ਸੋਮਵਾਰ ਨੂੰ ਜਾਰੀ ਦੋ ਵਿੰਭਿਨ ਆਦੇਸ਼ਾਂ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਮਾਰੀ ਦੇ ਚੱਲਦੇ ਸਾਰੇ ਗੈਰ-ਸਰਕਾਰੀ ਸਕੂਲਾਂ ਦੀ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਨੂੰ ਰੀ-ਸ਼ੈਡਿਊਲ ਕਰਨਾ ਹੋਵੇਗਾ ਤੇ ਇਹ ਤਾਰੀਖ ਅਗਲੇ 30 ਦਿਨ ਤੱਕ ਵਧਾਉਣੀ ਹੋਵੇਗੀ। ਇਸ ਵਿੱਚ ਜੇਕਰ ਕਿਸੇ ਨੇ ਸਕੂਲ ਫੀਸ ਮੰਗੀ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਜ਼ਿਲ੍ਹੇ ਦੇ ਸਾਰੇ ਕੇਬਲ ਆਪਰੇਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਹਾਮਾਰੀ ਦਾ ਪ੍ਰਕੋਪ ਰੁਕਣ ਤੱਕ ਲੋਕਾਂ ਤੋਂ ਕੇਬਲ ਬਿੱਲ ਦੀ ਵਸੂਲੀ ਨਾ ਕਰਨ।
ਕਹਿਰ ਰੁਕਣ 'ਤੇ ਉਹ ਲੋਕਾਂ ਤੋਂ ਵਸੂਲੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਲੋਕਾਂ ਤੱਕ ਸੂਚਨਾਵਾਂ ਪਹੁੰਚਾਉਣ ਦੇ ਲਈ ਮੀਡੀਆ ਦੀ ਅਹਿਮ ਭੂਮਿਕਾ ਹੈ, ਇਸ ਲਈ ਸਾਰੇ ਕੇਬਲ ਆਪਰੇਟਰ ਕੇਬਲ ਕੁਨੈਕਸ਼ਨ ਦੇ ਸੰਚਾਲਨ ਨੂੰ ਯਕੀਨੀ ਬਣਾਉਣਗੇ। ਇਸੇ ਤਰ੍ਹਾਂ ਵੱਡੇ ਪੱਧਰ ਤੇ ਰਿਲੇਅ ਕਰਨ ਵਾਲੇ ਛੋਟੇ ਰਿਲੇਅ ਕਰਨ ਵਾਲਿਆਂ ਦੇ ਕੁਨੈਕਸ਼ਨ ਵੀ ਨਹੀਂ ਕੱਟਣਗੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਆਦੇਸ਼ਾਂ ਦਾ ਕਿਸੇ ਨੇ ਵੀ ਉਲੰਘਣ ਕੀਤਾ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਇਸ ਆਦੇਸ਼ਾਂ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ।